ਠੇਕਾ ਮੁਲਾਜ਼ਮਾਂ ਨੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ
ਠੇਕਾ ਮੁਲਾਜ਼ਮਾਂ ਨੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ
Publish Date: Fri, 20 Mar 2026 05:57 PM (IST)
Updated Date: Sat, 21 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਆਈਟੀਆਈਜ ਠੇਕਾ ਮੁਲਾਜ਼ਮ ਯੂਨੀਅਨ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ। ਇਸਤੋ ਪਹਿਲਾਂ ਠੇਕਾ ਮੁਲਾਜ਼ਮਾਂ ਨੇ ਤਿੰਨ ਦਿਨ ਲਗਾਤਾਰ ਗੇਟ ਰੈਲੀਆਂ ਕਰ ਕੇ ਆਪਣਾ ਰੋਸ ਜਾਹਰ ਕੀਤਾ ਸੀ। ਇਸ ਮੌਕੇ ਯੂਨੀਅਨ ਆਗੂ ਸਤਨਾਮ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆਈਟੀਆਈ ਠੇਕਾ ਮੁਲਾਜ਼ਮਾਂ ਦੀ ਸਰਕਾਰ ਕੋਈ ਸਾਰ ਨਹੀਂ ਲੈ ਰਹੀ। ਜਦਕਿ ਸੱਤਾ ਵਿਚ ਆਉਣ ਤੋ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ, ਪ੍ਰੰਤੂ ਚਾਰ ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਸਰਕਾਰ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਇਸ ਕਾਰਨ ਠੇਕਾ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਰੋਸ ਹੈ। ਉਨ੍ਹਾਂ ਦੱਸਿਆ ਕਿ ਉਸ 22 ਦਸੰਬਰ 2025 ਤੋਂ ਠੇਕਾ ਮੁਲਾਜ਼ਮਾਂ ਨੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ ਤੇ 19 ਜਨਵਰੀ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਪ੍ਰੰਤੂ ਸਰਕਾਰ ਨੇ ਕੋਈ ਵੀ ਮੀਟਿੰਗ ਕਰਨੀ ਜ਼ਰੂਰੀ ਨਹੀਂ ਸਮਝੀਂ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਹੁਣ ਪੰਜਾਬ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਉਹ 28 ਮਾਰਚ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਰਕਾਰੀ ਆਈਟੀਆਈਜ ਵਿੱਚ ਠੇਕੇ ਉੱਪਰ ਕੰਮ ਕਰ ਰਹੇ ਕੱਚੇ ਇੰਸਟਰਕਟਰਜ ਨੂੰ ਰੈਗੂਲਰ ਅਸਾਮੀਆਂ ਭਰਨ ਤੋਂ ਪਹਿਲਾਂ ਪੱਕੇ ਕਰੇ, ਬੇਸਿਕ ਤਨਖ਼ਾਹ ਲਾਗੂ ਕੀਤੀ ਜਾਵੇ ਅਤੇ ਪੈਡਿੰਗ ਪਈ ਫਾਈਲ ਕਲੀਅਰ ਕੀਤੀ ਜਾਵੇ। ਇਸ ਮੌਕੇ ਜੋਤਸ਼ੀਲਾ ਰਾਣੀ, ਜਸਪ੍ਰੀਤ ਕੌਰ, ਸਵੀਟੀ, ਰਾਜਵਿੰਦਰ ਕੌਰ, ਮਨਜੀਤ ਕੌਰ ਹਾਜ਼ਰ ਸਨ।