ਲਗਾਤਾਰ ਬਾਰਿਸ਼ ਜਾਰੀ, ਜਨਜੀਵਨ ਹੋ ਰਿਹਾ ਪ੍ਰਭਾਵਿਤ
ਲਗਾਤਾਰ ਬਾਰਿਸ਼ ਜਾਰੀ, ਜਨਜੀਵਨ ਹੋ ਰਿਹਾ ਪ੍ਰਭਾਵਿਤ
Publish Date: Thu, 19 Mar 2026 04:31 PM (IST)
Updated Date: Fri, 20 Mar 2026 04:02 AM (IST)

ਅਚਾਨਕ ਵਧੀ ਠੰਢ ਨੇ ਖੰਘ ਤੇ ਜੁਕਾਮ ਦੇ ਮਰੀਜ਼ ਵਧਾਏ ਬਾਜ਼ਾਰਾਂ ਦੀ ਰੌਣਕ ਵੀ ਹੋਈ ਗਾਇਬ, ਦੁਕਾਨਦਾਰ ਬੈਠੇ ਵਿਹਲੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਚਾਰ ਦਿਨਾਂ ਤੋ ਲਗਾਤਾਰ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਜਿੱਥੇ ਤਾਪਮਾਨ ਨੂੰ ਘਟਾ ਕੇ ਲੋਕਾਂ ਨੂੰ ਫੇਰ ਤੋ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ, ਉੱਥੇ ਹੀ ਮੌਸਮ ਵਿਚ ਆਏ ਬਦਲਾਅ ਕਾਰਨ ਖੰਘ ਅਤੇ ਜੁਕਾਮ ਦੇ ਮਰੀਜ਼ਾਂ ’ਚ ਵੀ ਵਾਧਾ ਹੋ ਗਿਆ ਤੇ ਡਾਕਟਰਾਂ ਕੋਲ ਅਜਿਹੇ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸਤੋਂ ਇਲਾਵਾ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਤੇ ਇਸਦਾ ਅਸਰ ਬਾਜ਼ਾਰ ’ਤੇ ਪੈ ਰਿਹਾ ਹੈ। ਬਾਜ਼ਾਰਾਂ ਵਿੱਚੋਂ ਲੋਕਾਂ ਦੀ ਰੌਣਕ ਗਾਇਬ ਹੋ ਗਈ ਹੈ ਤੇ ਦੁਕਾਨਦਾਰ ਵਿਹਲੇ ਬੈਠਕੇ ਆਪਣੇ ਘਰਾਂ ਨੂੰ ਮੁੜਨ ਲਈ ਮਜ਼ਬੂਰ ਹਨ। ਜ਼ਿਆਦਾਤਰ ਦੁਕਾਨਦਾਰ ਸ਼ਾਮ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਵਧਾ ਕੇ ਚਲੇ ਜਾਂਦੇ ਹਨ। ਘੱਟੋ ਘੱਟ ਤਾਪਮਾਨ 12 ਡਿਗਰੀ ਤੇ ਵੱਧੋ ਵੱਧ 22 ਡਿਗਰੀ ਦਰਜ ਕੀਤਾ ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੇ ਅੱਧ ਤੱਕ ਆਉਂਦਿਆਂ ਹੀ ਅਚਾਨਕ ਤਾਪਮਾਨ ਵਧਣ ਲੱਗਾ ਤੇ ਦਿਨ ਦਾ ਤਾਪਮਾਨ 35 ਡਿਗਰੀ ਤੱਕ ਪੁੱਜ ਗਿਆ ਸੀ, ਪ੍ਰੰਤੂ 15 ਮਾਰਚ ਨੂੰ ਤੜਕਸਾਰ ਮੌਸਮ ’ਚ ਬਦਲਾਅ ਆਇਆ। ਤੇਜ ਬਾਰਿਸ਼ ਤੇ ਹਨੇਰੀ ਨੇ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਤੱਕ ਦਾ ਫਰਕ ਪਾ ਦਿੱਤਾ। ਪਿਛਲੇ ਤਿੰਨ ਦਿਨਾਂ ਤੋ ਮੀਂਹ ਪੈਣ ਕਾਰਨ ਵੀਰਵਾਰ ਨੂੰ ਘੱਟੋ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਤੇ ਵੱਧੋ ਵੱਧ ਤਾਪਮਾਨ 22 ਡਿਗਰੀ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ। ਬਦਲੇ ਹੋਏ ਮੌਸਮ ਕਾਰਨ ਲੋਕ ਜ਼ੁਕਾਮ, ਖੰਘ, ਬੁਖਾਰ, ਗਲੇ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ। ਇੱਕ ਹਫ਼ਤੇ ਤੱਕ ਰਹਿਣ ਵਾਲਾ ਵਾਇਰਲ ਬੁਖਾਰ ਅਤੇ ਗਲੇ ਦੀ ਤਕਲੀਫ਼ ਆਮ ਹੋ ਗਈ ਹੈ। ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛੀ ਦੂਜੇ ਪਾਸੇ, ਬਾਰਿਸ਼ ਤੇ ਹਵਾਵਾਂ ਕਾਰਨ ਕਿਸਾਨਾਂ ਦੇ ਮਨ ਵਿਚ ਫ਼ਸਲ ਨੂੰ ਲੈ ਕੇ ਡਰ ਬਣਿਆ ਹੋਇਆਆ ਹੈ। ਬੁੱਧਵਾਰ ਸ਼ਾਮ ਪੰਜ ਵਜੇ ਤੋਂ ਬਾਅਦ ਤੇ ਵੀਰਵਾਰ ਨੂੰ ਵੀ ਸਾਰਾ ਦਿਨ ਹਲਕੀ ਬੂੰਦਾਬਾਂਦੀ ਹੁੰਦੀ ਰਹੀ। ਸੰਗਰੂਰ ਦੇ ਕਿਸਾਨ ਜ਼ੋਗਿੰਦਰ ਸਿੰਘ, ਹਰਨਾਮ ਸਿੰਘ, ਸੁਖਦੇਵ ਸਿੰਘ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਇਸਦਾ ਅਸਰ ਦਾਣੇ ’ਤੇ ਪੈ ਸਕਦਾ ਹੈ। ਇਸ ਨਾਲ ਪੈਦਾਵਾਰ ਵਿਚ 4 ਤੋਂ 6 ਫੀਸਦੀ ਤਕ ਕਮੀ ਆ ਸਕਦੀ ਹੈ ਤੇ ਦਾਣਾ ਕਮਜ਼ੋਰ ਹੋਣ ਕਾਰਨ ਕੁਆਲਟੀ ਵੀ ਪ੍ਰਭਾਵਿਤ ਹੋਵੇਗੀ। ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਬਜ਼ੀਆਂ ਦੇ ਬੂਟੇ ਵੀ ਹੋਏ ਪ੍ਰਭਾਵਿਤ ਉਧਰ, ਸਬਜ਼ੀ ਉਗਾਉਣ ਵਾਲੇ ਕਿਸਾਨਾਂ ਨੇ ਆਪਣੇ ਖੇਤਾਂ ’ਚ ਕਰੇਲਾ, ਹਰੀ ਮਿਰਚ, ਪਾਲਕ, ਬੈਂਗਣ, ਸ਼ਿਮਲਾ ਮਿਰਚ, ਗਾਜਰ, ਧਨੀਆ ਆਦਿ ਦੀ ਬਿਜਾਈ ਕੀਤੀ ਹੋਈ ਹੈ। ਇਹ ਬੂਟੇ ਹਾਲੇ ਦੋ-ਤਿੰਨ ਇੰਚ ਦੇ ਹੀ ਹਨ। ਤੇਜ਼ ਹਵਾ ਤੇ ਮੀਂਹ ਕਾਰਨ ਇਹ ਬੂਟੇ ਜ਼ਮੀਨ ਨਾਲ ਲੱਗ ਗਏ ਹਨ। ਛੋਟੇ ਪੌਦੇ ਨਸ਼ਟ ਹੋ ਗਏ ਹਨ ਜਦਕਿ ਵੱਡੇ ਪੌਦੇ ਟੇਢੇ ਹੋ ਗਏ ਹਨ। ਕਿਸਾਨਾਂ ਮੁਤਾਬਕ ਬੂਟਿਆਂ ਦੀਆਂ ਜੜਾਂ ਵੀ ਹਿਲ ਗਈਆਂ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਮੁੜ ਮਿੱਟੀ ਚੜ੍ਹਾਈ ਜਾ ਰਹੀ ਹੈ।