ਇੰਡੀਅਨ ਯੂਥ ਕਾਂਗਰਸ ਦੀਆਂ ਜ਼ਿਲ੍ਹਾ ਪਟਿਆਲਾ ਚੋਣਾਂ ਅਮਨ-ਅਮਾਨ ਨਾਲ ਸੰਪੰਨ
ਇੰਡੀਅਨ ਯੂਥ ਕਾਂਗਰਸ ਦੀਆਂ ਜ਼ਿਲ੍ਹਾ ਪਟਿਆਲਾ ਚੋਣਾਂ ਅਮਨ-ਅਮਾਨ ਨਾਲ ਸੰਪੰਨ
Publish Date: Sun, 29 Mar 2026 06:49 PM (IST)
Updated Date: Sun, 29 Mar 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਇੰਡੀਅਨ ਯੂਥ ਕਾਂਗਰਸ ਦੀ ਜ਼ਿਲ੍ਹਾ ਪਟਿਆਲਾ ਇਕਾਈ ਦੀਆਂ ਚੋਣਾਂ ਬੀਤੇ ਦਿਨੀਂ ਪੂਰੇ ਉਤਸ਼ਾਹ ਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਈਆਂ। ਇਨ੍ਹਾਂ ਚੋਣਾਂ ਦੌਰਾਨ ਨੌਜਵਾਨ ਵਰਗ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲਿਆ, ਜੋ ਸਿੱਧੇ ਤੌਰ ਤੇ ਲੋਕਤੰਤਰਿਕ ਮੁੱਲਾਂ ਦੀ ਮਜ਼ਬੂਤੀ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪੂਰੀ ਚੋਣ ਪ੍ਰਕਿਰਿਆ ਦੌਰਾਨ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਪ੍ਰਸ਼ਾਸਨਿਕ ਪ੍ਰਬੰਧ ਪੁਖਤਾ ਰਹੇ। --ਦੋ ਪ੍ਰਮੁੱਖ ਧੜਿਆਂ ਵਿਚ ਸਖ਼ਤ ਟੱਕਰ ਜ਼ਿਲ੍ਹਾ ਪ੍ਰਧਾਨਗੀ ਦੀ ਵੱਕਾਰੀ ਸੀਟ ਲਈ ਇਸ ਵਾਰ ਮੁੱਖ ਮੁਕਾਬਲਾ ਦੋ ਧੜਿਆਂ ਵਿਚਕਾਰ ਸ਼ਕਤੀਸ਼ਾਲੀ ਧੜਿਆਂ ਸੰਜੀਵ ਸ਼ਰਮਾ ਕਾਲੂ ਗਰੁੱਪ ਤੇ ਮੋਹਿਤ ਮੋਹਿੰਦਰਾ ਗਰੁੱਪ ਵਿਚਕਾਰ ਦੇਖਣ ਨੂੰ ਮਿਲਿਆ। ਦੋਵਾਂ ਧੜਿਆਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਪਿਛਲੇ ਕਈ ਦਿਨਾਂ ਤੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ। ਸਿਆਸੀ ਮਾਹਿਰਾਂ ਅਨੁਸਾਰ, ਇਹ ਮੁਕਾਬਲਾ ਸਿਰਫ਼ ਦੋ ਉਮੀਦਵਾਰਾਂ ਵਿਚਾਲੇ ਨਹੀਂ, ਸਗੋਂ ਪਟਿਆਲਾ ਦੀ ਸਥਾਨਕ ਰਾਜਨੀਤੀ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਦੀ ਲੜਾਈ ਵਜੋਂ ਦੇਖਿਆ ਜਾ ਰਿਹਾ ਹੈ। ਇਸੇ ਖਿੱਚੋਤਾਣ ਕਾਰਨ ਚੋਣਾਂ ਵਿੱਚ ਆਖ਼ਰੀ ਸਮੇਂ ਤੱਕ ਦਿਲਚਸਪੀ ਅਤੇ ਤੀਬਰਤਾ ਬਣੀ ਰਹੀ। --ਵੋਟਾਂ ਦੇ ਅੰਕੜੇ ਅਤੇ ਭਾਗੀਦਾਰੀ ਚੋਣਾਂ ਦੌਰਾਨ ਵੋਟਰਾਂ ਦੀ ਗਿਣਤੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਵਿਚ ਕੁੱਲ 26,492 ਵੋਟਾਂ ਪਈਆਂ। ਵੇਰਵਿਆਂ ਅਨੁਸਾਰ ਪਟਿਆਲਾ ਸ਼ਹਿਰੀ ਹਲਕਾ 11,167 ਵੋਟਾਂ ਅਤੇ ਪਟਿਆਲਾ ਦਿਹਾਤੀ ਹਲਕਾ 15,325 ਵੋਟਾਂ ਪਈਆਂ ਹਨ। ਦਿਹਾਤੀ ਖੇਤਰ ਵਿਚ ਵੋਟਾਂ ਦੀ ਵੱਡੀ ਗਿਣਤੀ ਇਹ ਦਰਸਾਉਂਦੀ ਹੈ ਕਿ ਪਿੰਡਾਂ ਦੇ ਨੌਜਵਾਨ ਸਿਆਸੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਚੋਣ ਅਮਲ ਖ਼ਤਮ ਹੋਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਅੰਤਿਮ ਨਤੀਜਿਆਂ ਤੇ ਟਿਕੀਆਂ ਹੋਈਆਂ ਹਨ। ਦੋਵਾਂ ਗਰੁੱਪਾਂ ਦੇ ਸਮਰਥਕ ਆਪੋ-ਆਪਣੇ ਉਮੀਦਵਾਰ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਜੋ ਵੀ ਉਮੀਦਵਾਰ ਜਿੱਤ ਕੇ ਸਾਹਮਣੇ ਆਵੇਗਾ, ਉਹ ਯੂਥ ਕਾਂਗਰਸ ਦੀ ਜਥੇਬੰਦਕ ਰੂਪ ਰੇਖਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਲਈ ਰੀੜ੍ਹ ਦੀ ਹੱਡੀ ਸਾਬਤ ਹੋਵੇਗਾ। ਯੂਥ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਚੋਣਾਂ ਨੌਜਵਾਨਾਂ ਨੂੰ ਲੀਡਰਸ਼ਿਪ ਦੇ ਗੁਣ ਸਿਖਾਉਣ ਅਤੇ ਉਨ੍ਹਾਂ ਨੂੰ ਸਿੱਧੇ ਤੌਰ ਤੇ ਸਿਆਸਤ ਨਾਲ ਜੋੜਨ ਦਾ ਇੱਕ ਵਧੀਆ ਜ਼ਰੀਆ ਹਨ। ਹੁਣ ਦੇਖਣਾ ਹੋਵੇਗਾ ਕਿ ਪਟਿਆਲਾ ਦੇ ਨੌਜਵਾਨਾਂ ਨੇ ਕਿਸ ਗਰੁੱਪ ਦੇ ਹੱਕ ਵਿਚ ਫਤਵਾ ਦਿੱਤਾ ਹੈ।