ਵਿਦਿਆਰਥਣਾਂ ਨੇ ਵਿਧਾਨ ਸਭਾ ਦਾ ਸੈਸ਼ਨ ਦੇਖਿਆ
ਵਿਦਿਆਰਥਣਾਂ ਨੇ ਵਿਧਾਨ ਸਭਾ ਦਾ ਸੈਸ਼ਨ ਦੇਖਿਆ
Publish Date: Wed, 11 Mar 2026 04:21 PM (IST)
Updated Date: Wed, 11 Mar 2026 04:24 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਕੌਮਾਂਤਰੀ ਮਹਿਲਾ ਦਿਵਸ’ ਮੌਕੇ ’ਤੇ ਯੂਨੀਵਰਸਿਟੀ ਕਾਲਜ ਘਨੌਰ ਦੀਆਂ ਐੱਨਐੱਸਐੱਸ ਵਲੰਟੀਅਰ ਲੜਕੀਆਂ ਨੇ ਪ੍ਰੋਗਰਾਮ ਅਫ਼ਸਰ ਡਾ. ਮਨਿੰਦਰ ਕੌਰ ਤੇ ਡਾ. ਜਸਵਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਵਿਦਿਆਰਥਣਾਂ ਨੇ ਬੜੀ ਉਤਸੁਕਤਾ ਨਾਲ ਸਦਨ ਦੀ ਕਾਰਵਾਈ ਦੇਖੀ ਅਤੇ ਪੰਜਾਬ ਦਾ ਬਜਟ ਸੁਣਿਆ। ਸੈਸ਼ਨ ਦੌਰਾਨ ਵਿਦਿਆਰਥਣਾਂ ਨੂੰ ਕਾਫ਼ੀ ਕੁਝ ਸਿੱਖਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਦੇਖਿਆ ਕਿ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਵੱਲੋਂ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਸਤਿਕਾਰਯੋਗ ਸਪੀਕਰ ਸਾਹਿਬ ਅੱਗੇ ਰੱਖੀਆਂ ਗਈਆਂ। ਇਹ ਸਮੱਸਿਆਵਾਂ ਬੱਸਾਂ, ਸੜਕਾਂ ਅਤੇ ਸਕੂਲਾਂ ਨਾਲ ਸੰਬੰਧਿਤ ਸਨ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਲੋਕਤੰਤਰਿਕ ਪ੍ਰਣਾਲੀ ਨੂੰ ਸਮਝ ਰਹੀ ਹੈ ਅਤੇ ਇਹ ਜਾਣ ਰਹੀ ਹੈ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਕਿਸ ਤਰ੍ਹਾਂ ਜਨਤਾ ਦੀ ਆਵਾਜ਼ ਬਣ ਕੇ ਮਸਲੇ ਹੱਲ ਕਰਵਾਉਂਦੇ ਹਨ। ਵਿਧਾਇਕ ਗੁਰਲਾਲ ਘਨੌਰ ਵੱਲੋਂ ਆਪਣੇ ਇਲਾਕੇ ਦੀਆਂ ਵਿਦਿਆਰਥਣਾਂ ਨੂੰ ਚਾਹ ਅਤੇ ਦੁਪਹਿਰ ਦਾ ਭੋਜਨ ਵੀ ਕਰਵਾਇਆ ਗਿਆ। ਵਿਦਿਆਰਥਣਾਂ ਨੇ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਅੱਜ ਦਾ ਦਿਨ ਸੁਨਹਿਰੀ ਮੌਕਾ ਹੈ।