ਕਾਂਗਰਸ ਵੱਲੋਂ ਵਿਧਾਇਕ ਬਾਜੀਗਰ ਦੇ ਘਰ ਸਾਹਮਣੇ ਰੋਸ ਵਿਖਾਵਾ
ਕਾਂਗਰਸ ਵੱਲੋਂ ਵਿਧਾਇਕ ਬਾਜੀਗਰ ਦੇ ਘਰ ਸਾਹਮਣੇ ਰੋਸ ਵਿਖਾਵਾ
Publish Date: Wed, 18 Mar 2026 05:08 PM (IST)
Updated Date: Wed, 18 Mar 2026 05:10 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਾਰੰਟੀਆਂ ’ਚੋਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕੀਤੇ ਜਾਣ ਦੇ ਐਲਾਨ ਮਗਰੋਂ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਪਾਰਟੀ ਵੱਲੋਂ ਔਰਤਾਂ ਲਈ ਚਾਰ ਸਾਲਾਂ ਦਾ ਬਕਾਇਆ ਦੇਣ ਦੀ ਮੰਗ ਨੂੰ ਲੈ ਕੇ ਆਪ ਵਿਧਾਇਕਾਂ ਦੇ ਘਰਾਂ ਸਾਹਮਣੇ ਪ੍ਰਦਰਸ਼ਨਾਂ ਦੇ ਕੀਤੇ ਗਏ ਐਲਾਨ ਤਹਿਤ ਵਿਧਾਨ ਸਭਾ ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਦੀ ਅਗਵਾਈ ਵਿਚ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਘਰ ਸਾਹਮਣੇ ਵਿਸ਼ਾਲ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਇਕੱਤਰ ਕਾਂਗਰਸੀ ਵਰਕਰਾਂ ਵੱਲੋਂ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬਣਦਾ ਬਕਾਇਆ ਅਦਾ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵੱਡੀਆਂ ਵੱਡੀਆਂ ਗਰੰਟੀਆਂ ਦੇ ਕੇ ਗੁੰਮਰਾਹ ਕੀਤਾ ਪਰ ਸੱਤਾ ’ਚ ਆਉਣ ਮਗਰੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਭੁਲਾ ਦਿੱਤਾ ਗਿਆ ਤੇ ਹੁਣ ਦੁਬਾਰਾ ਫਿਰ ਵੋਟਾਂ ਨੇੜੇ ਆਉਂਦੀਆਂ ਦੇਖ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹਰ ਇੱਕ ਔਰਤ ਦਾ 48 ਹਜ਼ਾਰ ਰੁਪਏ ਬਕਾਇਆ ਸਰਕਾਰ ਵੱਲ ਬਣਦਾ ਹੈ ਅਗਰ ਸਰਕਾਰ ਲੋਕ ਹਿਤੈਸ਼ੀ ਹੈ ਤਾਂ ਪੰਜਾਬ ਦੀ ਹਰ ਇੱਕ ਔਰਤ ਨੂੰ ਬਣਦਾ ਬਕਾਇਆ ਦੇਣ ਦੀ ਹਿੰਮਤ ਕਰੇ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਮਤੌਲੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਨੌਜਵਾਨ ਆਗੂ ਸਿਕੰਦਰ ਸਿੰਘ ਦੁਤਾਲ, ਬੀਬੀ ਮਨਜੀਤ ਕੌਰ ਭੱਠਲ, ਹਰਭਜਨ ਸਿੰਘ ਸ਼ੇਰਗੜ੍ਹ, ਧਰਮਪਾਲ ਬਰਾਸ, ਸਾਹਿਬ ਸਿੰਘ ਦੁਤਾਲ, ਨਿਰਮਲ ਸਿੰਘ ਪੰਨੂ, ਵਿਜੈ ਕੁਮਾਰ ਭੋਲਾ, ਅੰਕੁਸ਼ ਲਾਲਾ, ਗੁਰਦੀਪ ਸਿੰਘ ਧਨੇਠਾ ਆਦਿ ਹਾਜ਼ਰ ਸਨ।