ਸਿਵਲ ਸਰਜਨ ਨੂੰ ਦਿੱਤੀ ਵਿਦਾਇਗੀ ਪਾਰਟੀ
ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
Publish Date: Sat, 28 Feb 2026 05:41 PM (IST)
Updated Date: Sat, 28 Feb 2026 05:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ’ਤੇ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ ਵਿਚੋਂ ਸੇਵਾਮੁਕਤ ਹੋ ਗਏ ਹਨ। ਸੇਵਾਮੁਕਤੀ ਮੌਕੇ ਸਮੂਹ ਸਿਹਤ ਸਟਾਫ ਵੱਲੋਂ ਉੁਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਦੱਸਿਆ ਕਿ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਲਗਭਗ 31 ਸਾਲ ਦੀਆਂ ਸਰਕਾਰੀ ਸੇਵਾਵਾਂ ਦੇ ਕੇ ਆਪਣੇ ਅਹੁਦੇ ਤੋਂ ਬੇਦਾਗ ਅਤੇ ਇਮਾਨਦਾਰ ਅਫਸਰ ਦੇ ਤੌਰ ’ਤੇ ਸੇਵਾਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਮੂਹ ਸਿਹਤ ਪ੍ਰੋਗਰਾਮਾਂ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ। ਉਨ੍ਹਾਂ ਨੇ ਹਮੇਸ਼ਾ ਹੀ ਸਰਕਾਰੀ ਨੌਕਰੀ ਦੌਰਾਨ ਕੰਮ ਨੂੰ ਪਹਿਲ ਦੇ ਕੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ। ਡਿਊਟੀ ਦੌਰਾਨ ਜਿੱਥੇ ਉਨ੍ਹਾਂ ਇੱਕ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਕੰਮ ਕੀਤਾ। ਉਨ੍ਹਾਂ ਬਹੁਤ ਇਮਾਨਦਾਰੀ ਅਤੇ ਅਣਥੱਕ ਮਿਹਨਤ ਨਾਲ ਆਪਣੀ ਡਿਊਟੀ ਕੀਤੀ। ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਆਪਣੇ ਭਾਸ਼ਣ ਵਿੱਚ ਜਿੱਥੇ ਸਾਰਿਆਂ ਨੂੰ ਸੇਵਾਮੁਕਤੀ ਮੌਕੇ ਵਧਾਈ ਦਿੱਤੀ ਗਈ ਉੱਥੇ ਪਰਮਾਤਮਾ ਅੱਗੇ ਉਨ੍ਹਾਂ ਦੀ ਲੰਬੀ ਉਮਰ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ। ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਸਮੂਹ ਸਿਹਤ ਪ੍ਰੌਗਰਾਮ ਅਫਸਰ ਅਤੇ ਦਫਤਰੀ ਸਟਾਫ ਵੀ ਹਾਜ਼ਰ ਸਨ।