ਚੌਕੀਦਾਰਾਂ ਨੇ ਸੀਐੱਮ ਕੋਠੀ ਅੱਗੇ ਲਾਇਆ ਧਰਨਾ
ਚੌਕੀਦਾਰਾਂ ਨੇ ਸੀਐੱਮ ਕੋਠੀ ਅੱਗੇ ਲਾਇਆ ਧਰਨਾ
Publish Date: Fri, 27 Feb 2026 03:46 PM (IST)
Updated Date: Sat, 28 Feb 2026 03:58 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਆਜ਼ਾਦ ਪੇਂਡੂ ਚੌਕੀਦਾਰ (ਵੈੱਲਫੇਅਰ ਐਸੋਸੀਏਸ਼ਨ) ਦੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਅਗਵਾਈ ਵਿਚ ਚੌਕੀਦਾਰਾਂ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸਤੋਂ ਪਹਿਲਾਂ ਬਠਿੰਡਾ-ਚੰਡੀਗੜ੍ਹ ਹਾਈਵੇ ਦੇ ਪੁਲ ਹੇਠਾਂ ਚੌਕੀਦਾਰ ਇਕੱਠੇ ਹੋਏ ਤੇ ਕਾਲੇ ਝੰਡਿਆਂ ਨਾਲ ਸੀਐੱਮ ਕੋਠੀ ਤੱਕ ਰੋਸ ਮਾਰਚ ਕੀਤਾ। ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਟਿੰਗ ਕਰ ਕੇ ਅੱਗੇ ਵਧਣੋ ਰੋਕ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸਤਗੁਰ ਸਿੰਘ ਮਾਝੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਨਿਯੁਕਤ ਪੇਂਡੂ ਚੌਕੀਦਾਰਾਂ ਨੂੰ ਸਿਰਫ 1500 ਰੁਪਏ ਮਿਹਨਤਾਨਾ ਦੇ ਕੇ 24 ਘੰਟੇ ਕੰਮ ਲਿਆ ਜਾ ਰਿਹਾ ਹੈ। ਅੱਜ ਦੇ ਮਹਿੰਗਾਈ ਯੁੱਗ ਵਿੱਚ ਏਨੀ ਘੱਟ ਤਨਖਾਹ ਨਾਲ ਗੁਜਾਰਾ ਕਰਨਾ ਔਖਾ ਹੈ, ਇਸ ਲਈ ਚੌਕੀਦਾਰਾਂ ਨੂੰ ਘੱਟੋ ਘੱਟ ਡੀਸੀ ਰੇਟ ਦੀ ਤਨਖਾਹ ਦਿੱਤੀ ਜਾਵੇ। ਇਸਦੇ ਨਾਲ ਹੀ 8 ਘੰਟਿਆਂ ਤੋਂ ਵੱਧ ਡਿਊਟੀ ਦੇਣ ਦੇ ਬਦਲੇ ਉਨ੍ਹਾਂ ਬਣਦਾ ਓਵਰ ਟਾਇਮ ਭੱਤਾ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੇਂਡੂ ਚੌਕੀਦਾਰ ਹਰੇਕ ਚੋਣਾਂ ਵਿੱਚ ਆਪਣੀ ਬਣਦੀ ਡਿਊਟੀ ਪੂਰੀ ਤਰ੍ਹਾਂ ਨਿਭਾਉਂਦੇ ਹਨ, ਪ੍ਰੰਤੂ ਇਸਦੇ ਬਦਲੇ ਉਨ੍ਹਾਂ ਨੂੰ ਕੋਈ ਭੱਤਾ ਵਗੈਰਾ ਨਹੀਂ ਦਿੱਤਾ ਜਾਂਦਾ, ਜਦਕਿ ਚੋਣਾਂ ਦੌਰਾਨ ਸਰਕਾਰੀ ਮੁਲਾਜ਼ਮਾਂ ਨੂੰ ਚੋਣ ਭੱਤਾ ਦਿੱਤਾ ਜਾਂਦਾ ਹੈ। ਅਜਿਹਾ ਕਰਕੇ ਸਰਕਾਰ ਚੌਕੀਦਾਰਾਂ ਨਾਲ ਬੇਇਨਸਾਫੀ ਕਰ ਰਹੀ ਹੈ, ਜੋ ਸਹਿਣਯੋਗ ਨਹੀਂ ਹੈ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੇਂਡੂ ਚੌਕੀਦਾਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਨਿਯਮਾਂ ਮੁਤਾਬਕ ਬੈਟਰੀ, ਡੰਡਾ, ਸਾਈਕਲ ਭੱਤਾ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਪੇਂਡੂ ਚੌਕੀਦਾਰ ਨੂੰ 11 ਹਜਾਰ ਰੁਪਏ ਪ੍ਰਤੀ ਮਹੀਨਾ, 4 ਹਜਾਰ ਰੁਪਏ ਸਲਾਨਾ ਵਰਦੀ ਭੱਤਾ, 2500 ਰੁਪਏ ਡੰਡਾ, ਬੈਟਰੀ ਭੱਤਾ ਵੀ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ ਹਰਿਆਣਾ ਸਰਕਾਰ ਵੱਲੋ ਪੇਂਡੂ ਚੌਕੀਦਾਰ ਦੀ ਸੇਵਾ ਮੁਕਤੀ ਤੇ 2 ਲੱਖ ਰੁਪਏ, ਸਿਹਤ ਬੀਮਾ 3 ਲੱਖ ਰੁਪਏ ਅਤੇ ਈਪੀਐਫ ਵੀ ਕੱਟਿਆ ਜਾਂਦਾ ਹੈ। ਉਨਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਵੀ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਏ। ਉਨ੍ਹਾਂ ਮੰਗ ਕੀਤੀ ਕਿ ਚੌਕੀਦਾਰ ਵੈਲਫੇਅਰ ਬੋਰਡ ਨਿਯੁਕਤ ਕੀਤਾ ਜਾਵੇ, ਤਾਂ ਜੋ ਗਰੀਬ ਚੌਕੀਦਾਰਾਂ ਦੀਆਂ ਲੋਕ ਭਲਾਈ ਸਕੀਮਾ ਨੂੰ ਲਾਗੂ ਕੀਤਾ ਜਾ ਸਕੇ। ਪ੍ਰਸ਼ਾਸਨ ਵੱਲੋ ਪ੍ਰਦਰਸ਼ਨਕਾਰੀਆਂ ਨੂੰ 3 ਮਾਰਚ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਮਾਲ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਪਾਲ ਸਿੰਘ, ਅਮਰਜੀਤ ਸਿੰਘ, ਸੱਤਪਾਲ ਸਿੰਘ, ਬਲਵਿੰਦਰ ਸਿੰਘ ਮਾਝੀ, ਚਰਨਾ ਸਿੰਘ, ਸੁਖਪ੍ਰੀਤ ਸਿੰਘ, ਰਾਮ ਸਿੰਘ, ਨਛੱਤਰ ਸਿੰਘ, ਬਲਜੀਤ ਸਿੰਘ ਮੌਜੂਦ ਸਨ।