ਯੂਨੀਵਰਸਿਟੀ ’ਚ ਅੰਤਰਰਾਸ਼ਟਰੀ ਐਨੀਮੇਸ਼ਨ ਤੇ ਫਿਲਮ ਫੈਸਟੀਵਲ ਕਰਵਾਇਆ
ਚਿਤਕਾਰਾ ਯੂਨੀਵਰਸਿਟੀ ’ਚ ਅੰਤਰਰਾਸ਼ਟਰੀ ਐਨੀਮੇਸ਼ਨ ਤੇ ਫਿਲਮ ਫੈਸਟਿਵਲ ਦਾ ਸ਼ਾਨਦਾਰ ਆਯੋਜਨ
Publish Date: Fri, 20 Mar 2026 05:45 PM (IST)
Updated Date: Fri, 20 Mar 2026 05:49 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਚਿਤਕਾਰਾ ਯੂਨੀਵਰਸਿਟੀ ਵਿਚ ਅੰਤਰਰਾਸ਼ਟਰੀ ਐਨੀਮੇਸ਼ਨ ਅਤੇ ਫਿਲਮ ਫੈਸਟੀਵਲ ਦਾ ਦੂਜਾ ਸੰਸਕਰਣ ਉਤਸ਼ਾਹ ਤੇ ਰਚਨਾਤਮਕ ਮਾਹੌਲ ਵਿਚ ਸਫਲਤਾਪੂਰਵਕ ਕਰਵਾਇਆ ਗਿਆ। ਦੋ ਦਿਨਾਂ ਤੱਕ ਚੱਲੇ ਇਸ ਫੈਸਟੀਵਲ ਦੌਰਾਨ ਐਨੀਮੇਸ਼ਨ, ਸਟੋਰੀਟੈਲਿੰਗ ਅਤੇ ਡਿਜ਼ੀਟਲ ਕ੍ਰੀਏਟਿਵਿਟੀ ਦੇ ਵੱਖ-ਵੱਖ ਪੱਖਾਂ ਦੀ ਸ਼ਾਨਦਾਰ ਝਲਕ ਵੇਖਣ ਨੂੰ ਮਿਲੀ, ਜਿਸ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਇੰਡਸਟਰੀ ਮਾਹਿਰਾਂ ਅਤੇ ਕ੍ਰੀਏਟਰਾਂ ਨੇ ਭਾਗ ਲਿਆ। ਚਿਤਕਾਰਾ ਡਿਜ਼ਾਈਨ ਸਕੂਲ ਦੇ ਐਨੀਮੇਸ਼ਨ ਵਿਭਾਗ ਵੱਲੋਂ ਸਮਾਗਮ ਵਿਚ ਫਿਲਮ ਸਕ੍ਰੀਨਿੰਗ, ਪੈਨਲ ਚਰਚਾ, ਮਾਸਟਰਕਲਾਸ ਅਤੇ ਸਟੂਡੈਂਟ ਸ਼ੋਕੇਸ ਵਰਗੇ ਆਕਰਸ਼ਕ ਸੈਸ਼ਨ ਕਰਵਾਏ ਗਏ। ਫੈਸਟੀਵਲ ਨੇ ਉਭਰਦੀਆਂ ਪ੍ਰਤਿਭਾਵਾਂ ਨੂੰ ਮੰਚ ਮੁਹੱਈਆ ਕਰਵਾਉਂਦੇ ਹੋਏ ਇੰਡਸਟਰੀ ਨਾਲ ਸਿੱਧਾ ਜੁੜਨ ਦਾ ਮੌਕਾ ਵੀ ਦਿੱਤਾ। ਫੈਸਟਿਵਲ ਦਾ ਮੁੱਖ ਆਕਰਸ਼ਣ ਪ੍ਰਸਿੱਧ ਕਲਾਕਾਰ ਤੇ ਕੰਟੈਂਟ ਕ੍ਰੀਏਟਰ ਹਾਰੂਨ ਰਾਬਰਟ ਰਹੇ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦੇ ਹੋਏ ਆਪਣੇ ਤਜਰਬੇ ਸਾਂਝੇ ਕੀਤੇ ਅਤੇ ‘ਖੁਦ ਕਰਕੇ ਸਿੱਖਣ’ ਦੀ ਰਚਨਾਤਮਕਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਡਿਜ਼ੀਟਲ ਸਟੋਰੀਟੈਲਰ ਪ੍ਰਤੀਕ ਸੇਠੀ ਨੇ ਆਪਣੇ ਕੰਮ ਦੇ ਅਨੁਭਵ ਸਾਂਝੇ ਕਰਦੇ ਹੋਏ ਕੰਟੈਂਟ ਕ੍ਰੀਏਸ਼ਨ ਦੇ ਬਦਲਦੇ ਰੁਝਾਨਾਂ ਅਤੇ ਦਰਸ਼ਕਾਂ ਨਾਲ ਨਵੀਆਂ ਤਰੀਕਿਆਂ ਨਾਲ ਜੁੜਨ ਬਾਰੇ ਚਰਚਾ ਕੀਤੀ। ਇਸ ਮੌਕੇ ਪ੍ਰਸਿੱਧ ਐਨੀਮੇਸ਼ਨ ਫਿਲਮ ਨਿਰਮਾਤਾ ਨੀਨਾ ਸਭਨਾਨੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਵੱਧਣ ਲਈ ਮੰਚ ਪ੍ਰਦਾਨ ਕਰਦੇ ਹਨ।