ਡਾ. ਦਾਰਾ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਦਾ ਅਹੁਦਾ ਸੰਭਾਲਿਆ
ਡਾ. ਦਾਰਾ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਦਾ ਆਹੁਦਾ ਸੰਭਾਲਿਆ
Publish Date: Fri, 27 Mar 2026 04:34 PM (IST)
Updated Date: Fri, 27 Mar 2026 04:38 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਦਾਰਾ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਵਜੋਂ ਆਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਡਾ. ਦਾਰਾ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਤੱਕ ਪਿਛਲੇ 26 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਵੱਖ ਵੱਖ ਅਹੁਦਿਆਂ ’ਤੇ ਕੰਮ ਕਰਦਿਆਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਨਵੀਨਤਮ ਜਾਣਕਾਰੀ ਦੇ ਕੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ’ਚ ਆਪਣਾ ਯੋਗਦਾਨ ਦੇ ਚੁੱਕੇ ਹਨ। ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਦਾਰਾ ਸਿੰਘ ਨੇ ਕਿਸਾਨ ਹਿੱਤ ’ਚ ਝੋਨੇ ਦੀ ਸਿੱਧੀ ਬਿਜਾਈ, ਫਸਲੀ ਵਿਭਿੰਨਤਾ ਅਤੇ ਖਾਦਾਂ ਦੀ ਵਰਤੋਂ ਘੱਟ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨ ਬਲਾਕ ਪੱਧਰ ਤੇ ਸਥਿਤ ਖੇਤੀਬਾੜੀ ਦਫਤਰਾਂ ਵਿਚ ਪਹੁੰਚ ਕਰਕੇ ਆਪਣੀ ਕਿਸਾਨ ਆਈ.ਡੀ ਬਣਾਉਣ ਤਾਂ ਜ਼ੋ ਭਵਿੱਖ ਵਿਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਵਾਂ ਦਾ ਲਾਭ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਮਹੀਨਾ ਅਪ੍ਰੈਲ ਵਿਚ ਲਗਾਏ ਜਾਣ ਵਾਲੇ ਜਾਗਰੂਕਤਾ ਕੈਂਪਾਂ ਵਿਚ ਭਾਗ ਲੈ ਕੇ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ—ਸੁਥਰਾ ਰੱਖਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਾ. ਦਾਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਵਾਢੀ ਉਪਰੰਤ ਕਿਸਾਨ ਵੀਰ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੇ ਸੈਂਪਲ ਇਕੱਤਰ ਕਰਨ ਅਤੇ ਟੈਸਟ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣ ਤਾਂ ਜ਼ੋ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।