ਕੌਮੀ ਪੱਧਰ ’ਤੇ ਸ਼ਤਰੰਜ ਟੀਮ ਨੇ ਹਾਸਲ ਕੀਤਾ ਚੌਥਾ ਸਥਾਨ
ਕੌਮੀ ਪੱਧਰ ਤੇ ਸ਼ਤਰੰਜ ਟੀਮ ਨੇ ਹਾਸਲ ਕੀਤਾ ਚੌਥਾ ਸਥਾਨ
Publish Date: Sat, 17 Jan 2026 04:11 PM (IST)
Updated Date: Sun, 18 Jan 2026 04:01 AM (IST)

ਪੰਜਾਬ ਦੀ ਸ਼ਤਰੰਜ ਟੀਮ ਪਹਿਲੀ ਵਾਰ ਕੌਮੀ ਪੱਧਰ ’ਤੇ ਉੱਭਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਰਾਸ਼ਟਰੀ ਸਕੂਲ ਖੇਡਾਂ ਵਿਚ ਭਾਗ ਲੈਂਦਿਆਂ ਪੰਜਾਬ ਦੇ ਮੁੰਡਿਆਂ ਦੀ ਸ਼ਤਰੰਜ ਟੀਮ ਨੇ (ਅੰਡਰ 14) ਵਿਚ ਕਈ ਸੂਬਿਆਂ ਨੂੰ ਪਛਾੜਕੇ ਰਾਸ਼ਟਰੀ ਪੱਧਰ ’ਤੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨਾਮ ਦੇ ਜੰਮਪਲ ਖੇਡ ਲੇਖਕ ਤੇ ਡੀਪੀਈ ਮਨਦੀਪ ਸਿੰਘ ਸੁਨਾਮ ਨੇ ਦੱਸਿਆ ਕਿ 13 ਤੋਂ 16 ਜਨਵਰੀ ਤੱਕ ਰਾਂਚੀ ਝਾਰਖੰਡ ਦੇ ਮੈਗਾ ਸਪੋਰਟਸ ਕੰਪਲੈਕਸ ਖੇਲਗਾਓਂ ਵਿਖੇ ਆਯੋਜਿਤ ਵਕਾਰੀ ਐੱਸਜੀਐੱਫ਼ਆਈ ਨੈਸ਼ਨਲ ਸਕੂਲ ਦੇ 69ਵੇਂ ਐਡੀਸ਼ਨ ਵਿਚ ਪੰਜਾਬ ਦੀ ਟੀਮ ਚੌਥੇ ਸਥਾਨ ’ਤੇ ਰਹੀ। ਉਨ੍ਹਾਂ ਕਿਹਾ ਕਿ ਸਮੀਰ ਸ਼ੇਰਗਿੱਲ, ਅਗਮਜੋਤ ਗਿੱਲ, ਸ਼੍ਰੇਆਂਸ਼ ਜੈਨ, ਕਾਰਤਿਕ ਮਿੱਤਲ ਤੇ ਅਨੰਤਵੀਰ ਗਰਗ ਦੀ ਮੁੰਡਿਆਂ ਦੀ ਸ਼ਤਰੰਜ ਟੀਮ ਨੇ ਆਪਣੇ ਅੰਤਿਮ ਦੌਰ ਵਿਚ ਸ਼ਤਰੰਜ ਪਾਵਰ ਹਾਊਸ ਆਂਧਰਾ ਪ੍ਰਦੇਸ਼ ਨੂੰ ਹਰਾਇਆ ਤੇ ਟੂਰਨਾਮੈਂਟ ਜੇਤੂ ਤਾਮਿਲਨਾਡੂ ਇਕ ਹੋਰ ਸ਼ਤਰੰਜ ਪਾਵਰ ਹਾਊਸ, ਤੋਂ ਆਪਣਾ ਇੱਕੋ-ਇੱਕ ਮੁਕਾਬਲਾ ਹਾਰਿਆ। ਉਨ੍ਹਾਂ ਆਖਿਆ ਪੰਜਾਬ ਦੇ ਮੁੰਡੇ ਟਾਈ-ਬ੍ਰੇਕਰਾਂ ਵਿੱਚ ਪੋਡੀਅਮ ਫਿਨਿਸ਼ ਤੋਂ ਖੁੰਝ ਗਏ। ਸ਼ਤਰੰਜ ਟੀਮ ਦੇ ਕੋਚ ਮਨਦੀਪ ਸਿੰਘ ਅਤੇ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਕਿਸੇ ਸ਼ਤਰੰਜ ਟੀਮ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਚੋਟੀ ਦੇ 4 ਸਥਾਨਾਂ ਤੇ ਪੁਜੀਸ਼ਨ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਸੋਢੀ, ਡਾਇਰੈਕਟਰ ਸਕੂਲ ਸਿੱਖਿਆ ਪੰਜਾਬ, ਅਤੇ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ ਨੇ ਜਿੱਤ ਨੂੰ ਇਤਿਹਾਸਕ ਦੱਸਿਆ ਅਤੇ ਪੰਜਾਬ ਰਾਜ ਨੂੰ ਸ਼ਤਰੰਜ ਦੇ ਰਾਸ਼ਟਰੀ ਨਕਸ਼ੇ ਤੇ ਲਿਆਉਣ ਲਈ ਟੀਮ ਨੂੰ ਵਧਾਈ ਦਿੱਤੀ।