ਹਰਪਾਲ ਚੀਮਾ ਨੂੰ ਟਰਾਂਸਪੋਰਟ ਮੰਤਰੀ ਬਨਣ ’ਤੇ ਜੁਨੇਜਾ ਨੇ ਦਿੱਤੀ ਵਧਾਈ
ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਮੰਤਰੀ ਬਨਣ ‘ਤੇ ਜੁਨੇਜਾ ਨੇ ਦਿੱਤੀ ਵਧਾਈ
Publish Date: Wed, 01 Apr 2026 04:53 PM (IST)
Updated Date: Wed, 01 Apr 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਟਰਾਂਸਪੋਰਟ ਵਿਭਾਗ ਦਾ ਚਾਰਜ ਸੰਭਾਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਐਡਵੋਕੇਟ ਜੁਨੇਜਾ ਨੇ ਨਵੇਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵਾਰੀਆਂ ਨੂੰ ਬਿਹਤਰ ਬੱਸ ਸੇਵਾ ਮੁਹੱਈਆ ਕਰਵਾਉਣ ਤੇ ਬੰਦ ਪਏ ਰੂਟਾਂ ਨੂੰ ਸਵਾਰੀਆਂ ਲਈ ਚਲਾਉਣ ਲਈ ਪੀਆਰਟੀਸੀ ਦੇ ਬੇੜੇ ਵਿੱਚ ਜਲਦ ਹੀ 663 ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ 250 ਬੱਸਾਂ ਜਲਦ ਹੀ ਸ਼ਾਮਲ ਕਰਕੇ ਸਵਾਰੀਆਂ ਨੂੰ ਬੱਸ ਸਰਵਿਸ ਮੁੱਹਈਆ ਕਰ ਦਿੱਤੀ ਜਾਵੇਗੀ ਤੇ ਬਾਕੀ ਰਹਿੰਦੀਆ ਬੱਸਾਂ ਵੀ ਜਲਦ ਹੀ ਪੀਆਰਟੀਸੀ ਦੇ ਬੇੜੇ ’ਚ ਸ਼ਾਮਲ ਕੀਤੀਆਂ ਜਾਣਗੀਆਂ। ਚੇਅਰਮੈਨ ਹਰਪਾਲ ਜੁਨੇਜਾ ਨੇ ਵਿੱਤ ਤੇ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕੀਤੀ ਕਿ ਪੀਆਰਟੀਸੀ ਵੱਲੋਂ ਮਹਿਲਾਵਾਂ ਨੂੰ ਨਿਰੰਤਰ ਦਿੱਤੀ ਜਾ ਰਹੀ ਮੁਫ਼ਤ ਸਫ਼ਰ ਸਹੂਲਤ ਦੇ ਬਦਲੇ ਬਣਦੇ ਕਲੇਮ ਦੀ ਬਕਾਇਆ ਰਾਸ਼ੀ ਸਮੇਂ ਸਿਰ ਪੀਆਰਟੀਸੀ ਨੂੰ ਜਾਰੀ ਕੀਤੀ ਜਾਵੇ ਤਾਂਜੋ ਪੀਆਰਟੀਸੀ ਦੀਆਂ ਦੇਣਦਾਰੀਆਂ ਜਿਵੇਂ ਕਿ ਵਰਕਰਾਂ ਦੀ ਮਹੀਨਾਵਾਰ ਤਨਖਾਹ, ਗਰੈਚੁਟੀ, ਜੀ.ਪੀ.ਐਫ., ਲੀਵ ਇਨਕੈਸ਼ਮੈਂਟ, ਰਿਵਾਈਜ਼ਡ ਲੀਵ ਇਨਕੈਸ਼ਮੈਂਟ, ਰਿਵਾਈਜ਼ਡ ਤਨਖਾਹ ਏਰੀਅਰ/ਪੈਨਸ਼ਨ ਏਰੀਅਰ 6ਵੇਂ ਤਨਖਾਹ ਪੇ/ਕਮਿਸ਼ਨ ਅਨੁਸਾਰ ਅਤੇ ਹੋਰ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇ। ਜੁਨੇਜਾ ਨੇ ਅੱਗੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਦੇ ਧਿਆਨ ’ਚ ਇਹ ਵੀ ਲਿਆਂਦਾ ਗਿਆ ਕਿ ਪਟਿਆਲਾ ਵਿਖੇ ਬਣੇ ਨਵੇਂ ਬੱਸ ਟਰਮੀਨਲ ਦਾ ਉਦਘਾਟਨ ਸਮੇਂ ਮੁੱਖ ਮੰਤਰੀ ਵੱਲੋਂ ਪੁਰਾਣੇ ਬੱਸ ਅੱਡੇ ਨੂੰ ਵੀ ਚੱਲਦਾ ਰੱਖਣ ਸਬੰਧੀ ਕੀਤੇ ਐਲਾਨ ਮੁਤਾਬਕ ਪੁਰਾਣੇ ਬੱਸ ਸਟੈਂਡ ਦੀ ਮੁੜ ਉਸਾਰੀ, ਵਿਕਾਸ ਤੇ ਕਮਰਸ਼ੀਅਲ ਤੌਰ ‘ਤੇ ਵਿਕਾਸ ਕਰਨ ਲਈ ਸਰਕਾਰ ਪੱਧਰ ‘ਤੇ ਚੱਲ ਰਹੀ ਕਾਰਵਾਈ ’ਚ ਹੋਰ ਤੇਜ਼ੀ ਲਿਆਉਣ ਸਬੰਧੀ ਸਬੰਧਤ ਮਹਿਕਮੇ ਨੂੰ ਦਿਸਾ-ਨਿਰਦੇਸ ਦਿੱਤੇ ਜਾਣ। ਇਸ ਮੀਟਿੰਗ ’ਚ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜਮ, ਡਾਇਰੈਕਟਰ ਸਟੇਟ ਟਰਾਂਸਪੋਰਟ ਰਾਜੀਵ ਗੁਪਤਾ, ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ ਬਿਕਰਮਜੀਤ ਸਿੰਘ ਸ਼ੇਰਗਿੱਲ, ਏ ਐਮ ਡੀ ਨਵਦੀਪ ਕੁਮਾਰ ਤੇ ਪੀ.ਆਰ.ਟੀ.ਸੀ. ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।