ਬਜਟ 'ਚ ਚੀਮਾ ਮੰਡੀ ਨੂੰ ਮਿਲੀ ਵੱਡੀ ਸੌਗਾਤ
ਬਜਟ 'ਚ ਚੀਮਾ ਮੰਡੀ ਨੂੰ ਮਿਲੀ ਵੱਡੀ ਸੌਗਾਤ
Publish Date: Sun, 08 Mar 2026 05:50 PM (IST)
Updated Date: Mon, 09 Mar 2026 04:06 AM (IST)

ਡਿਗਰੀ ਕਾਲਜ ਤੇ ਗਰੈਜੂਏਟ ਪੱਧਰ ਦਾ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਟਿਊਟ ਬਣੇਗਾ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਹਲਕਾ ਸੁਨਾਮ ਦੇ ਚੀਮਾ ਮੰਡੀ ਖੇਤਰ ਨੂੰ ਵੱਡੀ ਸੌਗਾਤ ਮਿਲੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ 100 ਸਾਲਾ ਬਰਸੀ ਨੂੰ ਸਮਰਪਿਤ ਉਪਰਾਲੇ ਤਹਿਤ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਨਾਮ ਤੇ ਇੱਕ ਆਧੁਨਿਕ ਡਿਗਰੀ ਕਾਲਜ ਅਤੇ ਗਰੈਜੂਏਟ ਪੱਧਰ ਦਾ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਟਿਊਟ ਸਥਾਪਿਤ ਕੀਤਾ ਜਾਵੇਗਾ। ਇਸ ਮਹੱਤਵਪੂਰਨ ਐਲਾਨ ਨਾਲ ਵਿਧਾਨ ਸਭਾ ਹਲਕਾ ਸੁਨਾਮ ਦੇ ਨਾਲ-ਨਾਲ ਪੂਰੇ ਮਾਲਵਾ ਖੇਤਰ ਦੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੀਮਾ ਮੰਡੀ ਵਿਖੇ ਸਥਾਪਿਤ ਹੋਣ ਵਾਲਾ ਡਿਗਰੀ ਕਾਲਜ ਇਲਾਕੇ ਦੇ ਵਿਦਿਆਰਥੀਆਂ ਨੂੰ ਆਪਣੇ ਨੇੜੇ ਹੀ ਉੱਚ ਸਿੱਖਿਆ ਦੀ ਸੁਵਿਧਾ ਮੁਹੱਈਆ ਕਰਵਾਏਗਾ, ਜਦਕਿ ਗਰੈਜੂਏਟ ਪੱਧਰ ਦਾ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਟਿਊਟ ਨੌਜਵਾਨਾਂ ਨੂੰ ਭਾਰਤੀ ਸਸ਼ਸਤ੍ਰ ਬਲਾਂ ਵਿੱਚ ਭਰਤੀ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 96 ਸੀਟਾਂ ਵਾਲਾ ਸਿਰਫ਼ ਇੱਕ ਹੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਟਿਊਟ ਚੱਲ ਰਿਹਾ ਹੈ। ਸੂਬੇ ਵਿੱਚ ਗ੍ਰੈਜੂਏਟ ਪੱਧਰ ਤੇ ਰੱਖਿਆ ਸੇਵਾਵਾਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਾਲੀ ਕੋਈ ਸੰਸਥਾ ਮੌਜੂਦ ਨਹੀਂ ਹੈ। ਮੌਜੂਦਾ ਸੰਸਥਾ ਨੇ ਲਗਭਗ 62 ਫ਼ੀਸਦ ਦੀ ਉੱਚ ਸਫਲਤਾ ਦਰ ਹਾਸਲ ਕੀਤੀ ਹੈ ਅਤੇ ਇਸ ਦੇ ਕਈ ਵਿਦਿਆਰਥੀ ਦੇਸ਼ ਦੀਆਂ ਸੈਨਾਵਾਂ ਵਿੱਚ ਚੁਣੇ ਗਏ ਹਨ।