ਚਰਨਜੀਤ ਸਿੰਘ ਨੈਣਾ ਤੇ ਸਿਮਰਜੀਤ ਸਿੰਘ ਸੋਹਲ ਦਾ ਕੀਤਾ ਸਵਾਗਤ
ਚਰਨਜੀਤ ਸਿੰਘ ਨੈਣਾ ਅਤੇ ਸਿਮਰਜੀਤ ਸਿੰਘ ਸੋਹਲ ਦਾ ਕੀਤਾ ਸਵਾਗਤ
Publish Date: Thu, 05 Mar 2026 04:24 PM (IST)
Updated Date: Thu, 05 Mar 2026 04:27 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ: ਹਲਕਾ ਸਨੌਰ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਬਲਾਕ ਸੰਮਤੀ ਭੁਨਰਹੇਡ਼ੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚਡ਼੍ਹੀ। ਇਸ ਮਹੱਤਵਪੂਰਨ ਚੋਣ ਵਿੱਚ ਚਰਨਜੀਤ ਸਿੰਘ ਨੈਣਾ ਨੂੰ ਚੇਅਰਮੈਨ ਅਤੇ ਸਿਮਰਜੀਤ ਸਿੰਘ ਸੋਹਲ ਨੂੰ ਵਾਇਸ ਚੇਅਰਮੈਨ ਵਜੋਂ ਚੁਣਿਆ ਗਿਆ। ਇਸ ਜਿੱਤ ਨਾਲ ਹਲਕੇ ਦੇ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌਡ਼ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇੱਕ ਹੋਰ ਕਰਾਰੀ ਸਿਆਸੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਇਹ ਚੋਣ ਪ੍ਰੀਕਿਰਿਆ ਹਰਜੋਤ ਕੌਰ ਅਬਜਰਵਰ ਤੇ ਉਪ ਮੰਡਲ ਮੈਜਿਸਟਰੇਟ ਦੁਧਨ ਸਾਧਾਂ ਦੀ ਦੇਖ ਰੇਖ ਹੇਠ ਹੋਈ। ਚੋਣ ਉਪਰੰਤ ਚੁਣੇ ਗਏ ਚੇਅਰਮੈਨ ਚਰਨਜੀਤ ਸਿੰਘ ਨੈਣਾ ਅਤੇ ਵਾਇਸ ਚੇਅਰਮੈਨ ਸਿਮਰਜੀਤ ਸਿੰਘ ਸੋਹਲ ਦਾ ਦੇਵੀਗਡ਼੍ਹ ਪੁੱਜਣ ਤੇ ਨਗਰ ਪੰਚਾਇਤ ਦੇਵੀਗਡ਼੍ਹ ਦੇ ਪ੍ਰਧਾਨ ਸਵਿੰਦਰ ਕੌਰ ਧੰਜੂ ਅਤੇ ਇਲਾਕੇ ਦੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਡਾਣਾ ਨੇ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਅੱਜ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਚਰਨਜੀਤ ਸਿੰਘ ਨੈਣਾ ਅਤੇ ਸਿਮਰਜੀਤ ਸਿੰਘ ਸੋਹਲ ਦੀ ਜੋਡ਼ੀ ਭੁਨਰਹੇਡ਼ੀ ਬਲਾਕ ਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰੇਗੀ। ਹਡਾਣਾ ਨੇ ਅੱਗੇ ਕਿਹਾ ਕਿ ਹੁਣ ਬਲਾਕ ਸੰਮਤੀ ਦੀ ਲੀਡਰਸ਼ਿਪ ਤੈਅ ਹੋਣ ਨਾਲ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਆਵੇਗੀ। ਪਿੰਡਾਂ ਵਿੱਚ ਗਲੀਆਂ-ਨਾਲੀਆਂ, ਪੀਣ ਵਾਲੇ ਸਾਫ਼ ਪਾਣੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਵੱਡਾ ਸੁਧਾਰ ਕਰਨਾ ਸਾਡੀ ਸਰਕਾਰ ਦੀ ਪਹਿਲ ਹੈ। ਇਸ ਦੌਰਾਨ ਨਵ-ਨਿਯੁਕਤ ਚੇਅਰਮੈਨ ਚਰਨਜੀਤ ਸਿੰਘ ਨੈਣਾ ਅਤੇ ਵਾਇਸ ਚੇਅਰਮੈਨ ਸਿਮਰਜੀਤ ਸਿੰਘ ਸੋਹਲ ਨੇ ਪਾਰਟੀ ਹਾਈਕਮਾਂਡ ਅਤੇ ਰਣਜੋਧ ਹਡਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਹਰ ਪਿੰਡ ਨੂੰ ਵਿਕਾਸ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਸਨੌਰ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾ ਸਕੇ। ਇਸ ਮੌਕੇ ਬੀਡੀਪੀਓ ਸੰਦੀਪ ਸਿੰਘ, ਬਲਦੇਵ ਸਿੰਘ ਦੇਵੀਗਡ਼੍ਹ ਚੇਅਰਮੈਨ ਮਾਰਕੀਟ ਕਮੇਟੀ ਦੂਧਨ ਸਾਧਾਂ, ਗੁਰਮੀਤ ਸਿੰਘ ਵਿਰਕ ਮੈਂਬਰ ਜਿਲ੍ਹਾ ਪ੍ਰੀਸ਼ਦ, ਸ਼ਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗਡ਼੍ਹ, ਦਵਿੰਦਰ ਸਿੰਘ ਮਾਡ਼ੂ, ਰਾਜਾ ਧੰਜੂ ਸਰਪੰਚ ਸਰੁਸਤੀਗਡ਼, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ ਮੈਂਬਰ, ਮਨਿੰਦਰ ਫਰਾਂਸਵਾਲਾ, ਡਾ. ਗੁਰਮੀਤ ਸਿੰਘ ਬਿੱਟੂ, ਵੇਦ ਪ੍ਰਕਾਸ਼ ਗਰਗ ਪ੍ਰਧਾਨ ਆਡ਼ਤੀ ਐਸੋਸੀਏਸ਼ਨ, ਪ੍ਰੇਮ ਸਿੰਘ ਖਨੇਜਾ, ਪਰਮਜੀਤ ਸ਼ਰਮਾ, ਗਣੇਸ਼ੀ ਲਾਲ,ਗੁਰਿੰਦਰ ਸਿੰਘ ਰਾਜੂ, ਕਰਮਜੀਤ ਸਿੰਘ ਢਿੱਲੋਂ ਕੋਂਸਲਰ ਆਦਿ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਿੱਚ ਆਪ ਵਰਕਰ ਹਾਜ਼ਰ ਸਨ।