ਦੇਵੀਗਡ਼੍ਹ ਵਿਖੇ ਗੈਸ ਸਿਲੰਡਰਾਂ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ
ਦੇਵੀਗਡ਼੍ਹ ਵਿਖੇ ਗੈਸ ਸਿਲੰਡਰਾਂ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ
Publish Date: Wed, 18 Mar 2026 05:54 PM (IST)
Updated Date: Wed, 18 Mar 2026 05:58 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਡਿਪਟੀ ਕਮਿਸ਼ਨਰ ਪਟਿਆਲਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਦੇਵੀਗਡ਼੍ਹ ਇਲਾਕੇ ’ਚ ਬੀਤੀ ਸ਼ਾਮ ਗੈਸ ਸਿਲੰਡਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇਕ ਵੱਡਾ ਸਰਚ ਅਭਿਆਨ ਚਲਾਇਆ ਗਿਆ। ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਵਿਵੇਕ ਸਿੰਗਲਾ ਦੀ ਅਗਵਾਈ ਹੇਠ ਵਿਭਾਗੀ ਟੀਮ ਨੇ ਵੱਖ-ਵੱਖ ਵਪਾਰਕ ਅਦਾਰਿਆਂ ’ਤੇ ਛਾਪੇਮਾਰੀ ਕੀਤੀ, ਜਿਸ ਕਾਰਨ ਬਾਜ਼ਾਰ ਵਿਚ ਕਾਫੀ ਹਲਚਲ ਦੇਖਣ ਨੂੰ ਮਿਲੀ। ਇਸ ਮੁਹਿੰਮ ਦੌਰਾਨ ਕਈ ਛੋਟੇ ਸਿਲੰਡਰ ਜ਼ਬਤ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਐੱਫਐੱਸਓ ਵਿਵੇਕ ਸਿੰਗਲਾ ਨੇ ਦੱਸਿਆ ਕਿ ਇਹ ਕਾਰਵਾਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਸਖ਼ਤ ਹੁਕਮਾਂ ਤਹਿਤ ਕੀਤੀ ਗਈ ਹੈ ਤਾਂ ਜੋ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਪੂਰੇ ਦੇਵੀਗਡ਼੍ਹ ਖੇਤਰ ’ਚ ਵੱਖ-ਵੱਖ ਹੋਟਲਾਂ, ਢਾਬਿਆਂ ਅਤੇ ਫਾਸਟ ਫੂਡ ਦੀਆਂ ਰੇਹਡ਼ੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਨੇ ਆਪਣੀਆਂ ਦਰਪੇਸ਼ ਮੁਸ਼ਕਿਲਾਂ ਵੀ ਪ੍ਰਸ਼ਾਸਨ ਸਾਹਮਣੇ ਰੱਖੀਆਂ। ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਕਿ ਵਾਰ-ਵਾਰ ਕੀਤੀ ਜਾਂਦੀ ਇਸ ਚੈਕਿੰਗ ਦੀ ਪ੍ਰਕਿਰਿਆ ਨੂੰ ਘਟਾਇਆ ਜਾਵੇ। ਇਸ ਮੌਕੇ ਦੁਕਾਨਦਾਰਾਂ ਨੇ ਇੱਕ ਹੋਰ ਗੰਭੀਰ ਮੁੱਦਾ ਚੁੱਕਦਿਆਂ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਪਰ ਬਾਜ਼ਾਰ ਵਿੱਚ ਕਮਰਸ਼ੀਅਲ (ਨੀਲੇ) ਸਿਲੰਡਰਾਂ ਦੀ ਭਾਰੀ ਕਿੱਲਤ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਚੈਕਿੰਗ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਇਹ ਯਕੀਨੀ ਬਣਾਏ ਕਿ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨੇ ਨਰਮ ਰੁਖ਼ ਅਖਤਿਆਰ ਕੀਤਾ। ਏਐੱਫਐੱਸਓ ਵਿਵੇਕ ਸਿੰਗਲਾ ਅਤੇ ਹੋਰ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ। ਇਸ ਮੌਕੇ ਇੰਸਪੈਕਟਰ ਗੁਰਪ੍ਰੀਤ ਸਿੰਘ, ਸਹਾਇਕ ਥਾਣੇਦਾਰ ਜਸਵੀਰ ਸਿੰਘ, ਰੁਪਿੰਦਰ ਸਿੰਘ, ਮੁਨੀਸ਼ ਸਾਹਨੀ, ਗੁਰਜੋਤ ਸਿੰਘ, ਅਮਨਦੀਪ ਕੌਰ, ਪ੍ਰੇਮਜੀਤ ਸਿੰਘ, ਅਮਨਦੀਪ ਕੌਰ ਬੁੱਟਰ, ਕਸ਼ਮੀਰ ਸਿੰਘ, ਪਵਿੱਤਰ ਸਿੰਘ, ਸੁਰਜੀਤ ਸਿੰਘ ਅਤੇ ਸੁੱਖਾ ਸਿੰਘ ਹਾਜ਼ਰ ਸਨ।