ਖੁਸ਼ੀਆਂ ਨਾਲ ਮਨਾਈਏ ਲੋਹੜੀ, ਚਾਈਨਾ ਡੋਰ ਦਾ ਕਰੋ ਬਾਈਕਾਟ
ਖੁਸ਼ੀਆਂ ਨਾਲ ਮਨਾਈਏ ਲੋਹੜੀ, ਚਾਈਨਾ ਡੋਰ ਦਾ ਕਰੋ ਬਾਈਕਾਟ
Publish Date: Mon, 12 Jan 2026 05:00 PM (IST)
Updated Date: Tue, 13 Jan 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਲੋਹੜੀ ਦੇ ਤਿਉਹਾਰ ਨੂੰ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣ ਦੀ ਬਜਾਏ ਕੁਝ ਲੋਕ ਇਸ ਦਿਨ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਕੇ ਰਾਹਗੀਰਾਂ ਲਈ ਖਤਰਾ ਬਣਦੇ ਹਨ। ਹਰ ਸਾਲ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਕਈ ਵਿਅਕਤੀ ਜਖਮੀ ਹੁੰਦੇ ਹਨ। ਡੋਰ ਦੀ ਵਿਕਰੀ ਸ਼ਹਿਰਾਂ, ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਚ ਧੜੱਲੇ ਨਾਲ ਹੋ ਰਹੀ ਹੈ ਉਥੇ ਹੀ ਕਸਬੇ ਦੀਆਂ ਕੁਝ ਪ੍ਰਮੁੱਖ ਸ਼ਖਸ਼ੀਅਤਾਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਇਸ ਖੂਨੀ ਡੋਰ ਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਸਖਤ ਕਦਮ ਚੁੱਕਣ ਦੀ ਮੰਗ ਕੀਤੀ। ਚਾਈਨਾ ਡੋਰ ਨਾਲ ਪਤੰਗਬਾਜ਼ੀ ਖਤਰਨਾਕ: ਗੁੰਮਟੀ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਇਸ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜਿੰਦਗੀਆਂ ਖਤਮ ਹੁੰਦੀਆਂ ਹਨ ਉੱਥੇ ਵੱਡੇ ਪੱਧਰ ਤੇ ਮਸੂਮ ਤੇ ਲਾਚਾਰ ਪਸ਼ੂ ਪੰਛੀ ਵੀ ਕਾਲ ਦੇ ਮੂੰਹ ’ਚ ਚਲੇ ਜਾਂਦੇ ਹਨ। ਚਾਈਨਾ ਅਤੇ ਕੱਚ ਲੱਗੀ ਡੋਰ ਹਰ ਸਾਲ ਉਤਪਾਦ ਦੇ ਨਾਲ ਖਰੀਦੀ ਤੇ ਵੇਚੀ ਜਾਂਦੀ ਹੈ। ਇਸ ਲਈ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਇਸ ਮਹਿਮ ਚ ਵਧ ਚੜ੍ਹ ਕੇ ਹਿੱਸਾ ਲੈ ਕੇ ਲੋਕਾਂ ਨੂੰ ਜਾਗਰੂਕ ਕਰੀਏ। ਕਈ ਕੀਮਤੀ ਜਿੰਦਗੀਆਂ ਖਤਮ ਹੁੰਦੀਆਂ ਹਨ: ਕੁੰਭੜਵਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਚਮਕੌਰ ਸਿੰਘ ਕੁੰਭੜਵਾਲ ਨੇ ਕਿਹਾ ਹੈ ਕਿ ਸਮਾਂ ਬੀਤਣ ਦੇ ਨਾਲ ਇਹ ਪਤੰਗਬਾਜ਼ੀ ਹੁਣ ਇਨਸਾਨੀ ਜਿੰਦਗੀਆਂ ਲਈ ਕਾਲ ਬਣਦੀ ਨਜ਼ਰ ਆ ਰਹੀ ਹੈ। ਕਿਉਂਕਿ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ ਬੀਤੇ ਕੁਝ ਸਾਲਾਂ ਤੋਂ ਮਾਰਕੀਟ ਚ ਆਈ ਚਾਈਨਾ ਡੋਰ ਮਨੁੱਖ ਅਤੇ ਪਸ਼ੂ ਪੰਛੀਆਂ ਲਈ ਕਾਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਕਈਆਂ ਦੀ ਮੌਤ ਹੋ ਗਈ ਹੈ ਉੱਥੇ ਵੱਡੇ ਪੱਧਰ ਤੇ ਮਾਸੂਮ ਤੇ ਲਾਚਾਰ ਪਸ਼ੂ ਪੰਛੀ ਕਾਲ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਮਾਪੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੇਣ: ਗੋਬਿੰਦਪੁਰਾ ਸਾਬਕਾ ਸਰਪੰਚ ਹਰਪਾਲ ਸਿੰਘ ਗੋਬਿੰਦਪੁਰਾ ਨੇ ਕਿਹਾ ਹੈ ਕਿ ਚਾਈਨਾ ਡੋਰ ਨਾਲ ਅਨੇਕਾਂ ਲੋਕ ਅਤੇ ਪਸ਼ੂ ਪੰਛੀ ਇਸ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਰਹੇ ਹਨ। ਉਹਨਾਂ ਕਿਹਾ ਕਿ ਲੋਹੜੀ ਦੇ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਚਾਈਨਾ ਡੋਰ ਦੀ ਵਿਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਬਹੁਤ ਹੀ ਗੰਭੀਰ ਤੇ ਮੰਦਭਾਗੀ ਗੱਲ ਹੈ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੇਣ ਅਤੇ ਇਸ ਡੋਰ ਦੇ ਨੁਕਸਾਨ ਬਾਰੇ ਜਾਣੂ ਕਰਵਾਉਣ ਕਿਉਂਕਿ ਹਰ ਸਾਲ ਹੀ ਪਤੰਗਬਾਜ਼ੀ ਸਮੇਂ ਕਈ ਬੱਚੇ ਅਤੇ ਪੰਛੀ ਨੁਕਸਾਨੇ ਜਾਂਦੇ ਹਨ। ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਚੁੱਕਣੇ ਚਾਹੀਦੇ ਹਨ: ਖੇੜੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਜਸਪ੍ਰੀਤ ਸਿੰਘ ਖੇੜੀ ਨੇ ਕਿਹਾ ਹੈ ਕਿ ਖੂਨੀ ਚਾਈਨਾ ਡੋਰ ਦਾ ਲੋਕਾਂ ਇੱਕ ਨਸ਼ਾ ਲੱਗ ਚੁੱਕਾ ਹੈ। ਚਾਈਨਾ ਡੋਰ ਨਾਲ ਜਿੰਨਾ ਦੇ ਜੀ ਜਖਮੀ ਹੁੰਦੇ ਹਨ ਜਾਂ ਦੁਨੀਆਂ ਤੋਂ ਚਲੇ ਜਾਂਦੇ ਹਨ ਉਹਨਾਂ ਨੂੰ ਹੀ ਇਸਦਾ ਅਹਿਸਾਸ ਹੁੰਦਾ ਹੈ। ਇਸ ਖੂਨੀ ਡੋਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਚਾਈਨਾ ਡੋਰ ਦੀ ਸ਼ਹਿਰੀ ਹੋ ਰਹੀ ਵਿਕਰੀ ਕਾਰਨ ਸਹਿਰਾਂ ਅਤੇ ਪਿੰਡਾਂ ਵਿੱਚ ਆਉਣ ਜਾਣ ਮੁਸ਼ਕਿਲ ਹੋ ਗਿਆ ਹੈ। ਦੋ ਪਹੀਆ ਵਾਹਨ ਚਾਲਕ ਆਪਣੇ ਚਿਹਰੇ ਨੂੰ ਢੱਕ ਕੇ ਵਾਹਨ ਚਲਾਉਣ ਤਾਂ ਜੋ ਚਾਈਨਾ ਡੋਰ ਤੋਂ ਬਚ ਸਕਣ. ਲੋਹੜੀ ਦੇ ਦਿਨਾਂ ਦੌਰਾਨ ਇਹ ਸਾਵਧਾਨੀਆਂ ਵਰਤਣੀਆਂ ਬੇਹਦ ਜਰੂਰੀ ਹਨ। ਰਵਾਇਰੀ ਡੋਰ ਨਾਲ ਪਤੰਗਬਾਜ਼ੀ ਕਰਨੀ ਚਾਹੀਦੀ ਹੈ : ਬਿੱਟੂ ਨੌਜਵਾਨ ਆਗੂ ਰਾਮਦਾਸ ਬਿੱਟੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੂਨੀ ਚਾਈਨਾ ਡੋਰ ਵਿਕਰੀ ਨੂੰ ਰੋਕਣ ਲਈ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਰਵਾਇਤੀ ਡੋਰ ਨਾਲ ਹੀ ਪਤੰਗ ਉਡਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।ਚਾਈਨਾ ਡੋਰ ਵੇਚਣ ਵਾਲਿਆਂ ਨੂੰ ਵੀ ਸੋਚ ਸਮਝ ਕੇ ਡੋਰ ਵੇਚਣੀ ਚਾਹੀਦੀ ਹੈ ਤਾਂ ਜੋ ਵੱਧ ਰਹੇ ਹਾਦਸਿਆਂ ਤੋਂ ਲੋਕ ਬਚ ਸਕਣ।