ਗਾਇਕ ਬਾਦਸ਼ਾਹ ਖ਼ਿਲਾਫ਼ ਥਾਣਾ ਸੰਗਰੂਰ ’ਚ ਮਾਮਲਾ ਦਰਜ
ਗਾਇਕ ਬਾਦਸ਼ਾਹ ਖ਼ਿਲਾਫ ਥਾਣਾ ਸੰਗਰੂਰ ’ਚ ਮਾਮਲਾ ਦਰਜ
Publish Date: Fri, 06 Mar 2026 05:36 PM (IST)
Updated Date: Sat, 07 Mar 2026 04:06 AM (IST)

ਅਸ਼ਲੀਲਤਾ ਤੇ ਨਸ਼ਿਆਂ ਦੀ ਵਡਿਆਈ ਕਰਨ ਦੇ ਲੱਗੇ ਦੋਸ਼ ਬਾਦਸ਼ਾਹ ਦੇ ਨਵੇਂ ਗੀਤ ਟਟੀਰੀ ਉੱਤੇ ਗੰਭੀਰ ਸਵਾਲ ਚੁੱਕੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਰੂਰ ਸਮਾਜ ਵਿਚ ਫੈਲ ਰਹੀ ਅਸ਼ਲੀਲਤਾ ਤੇ ਨਸ਼ਿਆਂ ਦੇ ਪ੍ਰਸਾਰ ਨੂੰ ਰੋਕਣ ਲਈ, ਸੰਗਰੂਰ ਦੇ ਐਡਵੋਕੇਟ ਕਮਲ ਆਨੰਦ ਤੇ ਜਤਿੰਦਰ ਕਾਲੜਾ ਵੱਲੋਂ ਸ਼ੁੱਕਰਵਾਰ ਨੂੰ ਥਾਣਾ ਸੰਗਰੂਰ ਸਿਟੀ ਵਿਖੇ ਮਸ਼ਹੂਰ ਰੈਪਰ ਆਦਿਤਿਆ ਪ੍ਰਤੀਕ ਸਿੰਘ ਉਰਫ਼ ਬਾਦਸ਼ਾਹ ਵਿਰੁੱਧ ਮਾਮਲਾ ਦਰਜ ਕਰਨ ਲਈ ਇਕ ਰਸਮੀ ਦਰਖਾਸਤ ਦਿੱਤੀ ਗਈ ਹੈ। ਸ਼ਿਕਾਇਤਕਰਤਾਵਾਂ ਨੇ ਪੁਲਿਸ ਨੂੰ ਦਿੱਤੀ ਆਪਣੀ ਦਰਖਾਸਤ ਵਿਚ ਬਾਦਸ਼ਾਹ ਦੇ ਨਵੇਂ ਗੀਤ ਟਟੀਰੀ ਉੱਤੇ ਗੰਭੀਰ ਸਵਾਲ ਚੁੱਕੇ ਹਨ। ਗੀਤ ਦੇ ਬੋਲਾਂ ਵਿੱਚ ਕੋਕੀਨ ਵਰਗੇ ਨਸ਼ੀਲੇ ਪਦਾਰਥ ਨੂੰ ਬੰਦੀ (ਸਹੇਲੀ) ਦੱਸ ਕੇ ਨੌਜਵਾਨਾਂ ਵਿੱਚ ਨਸ਼ਾਖੋਰੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਗਿਆ ਹੈ। ਸ਼ਿਕਾਇਤ ਅਨੁਸਾਰ ਗੀਤ ਵਿਚ ਔਰਤਾਂ ਪ੍ਰਤੀ ਅਪਮਾਨਜਨਕ ਤੇ ਦੋ-ਅਰਥੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਜੋ ਜਨਤਕ ਸ਼ਾਲੀਨਤਾ ਦੇ ਖ਼ਿਲਾਫ਼ ਹੈ। ਸ਼ਿਕਾਇਤਕਰਤਾਵਾਂ ਨੇ ਭਾਰਤੀ ਨਿਆ ਸੰਹਿਤਾ 2023 ਦੀਆਂ ਧਾਰਾਵਾਂ 294, 296, 61 ਤੇ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਐਡਵੋਕੇਟ ਕਮਲ ਆਨੰਦ ਨੇ ਦੱਸਿਆ ਕਿ ਇਹ ਦਰਖਾਸਤ ਨਾ ਸਿਰਫ਼ ਪੁਲਿਸ ਨੂੰ ਦਿੱਤੀ ਗਈ ਹੈ, ਸਗੋਂ ਇਸ ਦੀਆਂ ਕਾਪੀਆਂ ਪੰਜਾਬ ਦੇ ਡੀਜੀਪੀ ਅਤੇ ਐੱਸਐੱਸਪੀ ਸੰਗਰੂਰ ਨੂੰ ਵੀ ਭੇਜੀਆਂ ਗਈਆਂ ਹਨ ਤਾਂ ਜੋ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਇਸ ਗੀਤ ਨੂੰ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਬਚਾਇਆ ਜਾ ਸਕੇ। ਸ਼ਿਕਾਇਤਕਰਤਾਵਾਂ ਨੇ ਸਮਾਜ ਦੇ ਸੁਚੇਤ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਘਟੀਆ ਗਾਇਕੀ ਦਾ ਵਿਰੋਧ ਕਰਨ ਤਾਂ ਜੋ ਸਾਡਾ ਸੱਭਿਆਚਾਰ ਪਲੀਤ ਹੋਣ ਤੋਂ ਬਚ ਸਕੇ।