ਸਾਬਕਾ ਸਰਪੰਚ ਚੱਗੜ ਸਿੰਘ ਦੀ ਮੌਤ ਸਬੰਧੀ ਦੋ ’ਤੇ ਪਰਚਾ
ਸਾਬਕਾ ਸਰਪੰਚ ਚੱਗੜ ਸਿੰਘ ਦੀ ਮੌਤ ਸਬੰਧੀ ਦੋ ’ਤੇ ਪਰਚਾ
Publish Date: Sun, 15 Mar 2026 03:47 PM (IST)
Updated Date: Mon, 16 Mar 2026 04:01 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਨਿੱਚਰਵਾਰ ਸ਼ਾਮ ਪਿੰਡ ਦਸ਼ਮੇਸ਼ ਨਗਰ ਕੋਠੇ ਦੇ ਸਾਬਕਾ ਸਰਪੰਚ ਚੱਗੜ ਸਿੰਘ ਦੀ ਮੌਤ ਸਬੰਧੀ ਲਹਿਰਾ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ਼ ਕਰ ਲਿਆ ਹੈ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਪੁੱਤਰ ਚੱਗੜ ਸਿੰਘ ਵਾਸੀ ਦਸ਼ਮੇਸ਼ ਸਿੰਘ ਨਗਰ ਕੋਠੇ ਡਸਕਾ ਨੇ ਸੁਖਵਿੰਦਰ ਸਿੰਘ ਤੇ ਗੁਰਉਪਦੇਸ਼ ਸਿੰਘ ਉਰਫ਼ ਜੱਸੀ ਵਾਸੀ ਦਸਮੇਸ਼ ਨਗਰ ਕੋਠੇ ਡਸਕਾ ਖ਼ਿਲਾਫ਼ ਥਾਣਾ ਲਹਿਰਾ ਵਿਚ ਮਾਮਲਾ ਦਰਜ ਕਰਵਾਇਆ। ਜਿਸ ਵਿਚ ਪੀੜਤ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਚੱਗੜ ਸਿੰਘ ਵੱਲੋਂ ਰੂੜੀ ਦੀ ਟਰਾਲੀ ਆਪਣੇ ਪਲਾਟ ਵਿੱਚੋਂ ਭਰਵਾ ਕੇ ਖੇਤ ਵਿੱਚ ਸੁੱਟਵਾਈ ਸੀ। ਜਦੋਂ ਸੀਰੀ ਭੋਲਾ ਸਿੰਘ ਟਰੈਕਟਰ-ਟਰਾਲੀ ਗਲੀ ਵਿਚ ਲੈ ਕੇ ਆਇਆ ਤਾਂ ਟਰੈਕਟਰ-ਟਰਾਲੀ ਨੂੰ ਸੁਖਵਿੰਦਰ ਸਿੰਘ ਤੇ ਗੁਰੂਉਪਦੇਸ਼ ਸਿੰਘ ਉਰਫ ਜੱਸੀ ਨੇ ਘੇਰ ਲਿਆ ਤੇ ਇਨ੍ਹਾਂ ਦੋਨਾਂ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਡੇ ਟਰੈਕਟਰ-ਟਰਾਲੀ ਨੂੰ ਨਹੀਂ ਲੰਘਣ ਦਿੰਦੇ। ਉਕਤ ਵਿਅਕਤੀ ਭਲੀ ਭਾਂਤ ਜਾਣਦੇ ਸੀ ਕਿ ਚੱਗੜ ਸਿੰਘ ਹਾਰਟ ਦੇ ਮਰੀਜ਼ ਹਨ ਅਤੇ ਉੱਚੀ ਆਵਾਜ਼ ਸਹਿਣ ਨਹੀਂ ਕਰ ਸਕਦੇ, ਪਰ ਫਿਰ ਵੀ ਇਨ੍ਹਾਂ ਨੇ ਜਾਣ ਬੁੱਝ ਕੇ ਚੱਗੜ ਸਿੰਘ ਨੂੰ ਲਲਕਾਰਿਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਨ੍ਹਾਂ ਦੋਨਾਂ ਵੱਲੋਂ ਲਲਕਾਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ’ਤੇ ਚੱਗੜ ਸਿੰਘ ਕਾਫੀ ਘਬਰਾ ਗਏ ਤੇ ਮੌਕੇ ’ਤੇ ਹੀ ਡਿੱਗ ਪਏ। ਜਿਸ ਨੂੰ ਸਵਾਰੀ ਗੱਡੀ ਦਾ ਇੰਤਜਾਮ ਕਰ ਕੇ ਇਲਾਜ ਲਈ ਜੇਬੀਐੱਮ ਪਬਲਿਕ ਹਸਪਤਾਲ ਬਰੇਟਾ ਵਿਖੇ ਲਜਾਇਆ ਗਿਆ। ਜਿੱਥੇ ਡਾ. ਨੇ ਚੱਗੜ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸਦੇ ਚਲਦਿਆ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਉਕਤ ਦੋਵਾਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਦੂਜੇ ਪਾਸੇ, ਮ੍ਰਿਤਕ ਸਾਬਕਾ ਸਰਪੰਚ ਚੱਗੜ ਸਿੰਘ ਦਾ ਪੋਸਟਮਾਰਟਮ ਕਰਾਉਣ ਉਪਰੰਤ ਦਾ ਸਸਕਾਰ ਕਰ ਦਿੱਤਾ ਗਿਆ ਹੈ।