ਸਕੂਲੀ ਵੈਨ ਤੇ ਸਵਿਫਟ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ
ਸਕੂਲੀ ਵੈਨ ਤੇ ਸਵਿਫਟ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ
Publish Date: Fri, 20 Feb 2026 04:08 PM (IST)
Updated Date: Sat, 21 Feb 2026 04:01 AM (IST)

ਸਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲਹਿਰਾ-ਸੁਨਾਮ ਰੋਡ ’ਤੇ ਬੀਤੀ ਰਾਤ 2 ਵਜੇ ਦੇ ਕਰੀਬ ਇਕ ਭਿਆਨਕ ਸੜਕ ਹਾਦਸੇ ਦੌਰਾਨ ਸਵਿਫਟ ਕਾਰ ਤੇ ਇਕ ਨਿੱਜੀ ਸਕੂਲੀ ਵੈਨ ਦੀ ਟੱਕਰ ਹੋ ਜਾਣ ਨਾਲ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਠੇ ਹੋਏ ਚਸ਼ਮਦੀਦਾਂ ਨੇ ਦੱਸਿਆ ਕਿ ਸਕੂਲੀ ਵੈਨ ਮਾਲੇਰਕੋਟਲੇ ਤੋਂ ਵਾਪਸ ਲਹਿਰਾ ਬਲ ਆ ਰਹੀ ਸੀ ਤੇ ਅੰਮ੍ਰਿਤਪਾਲ ਸਿੰਘ ਲਾਡੀ ਆਪਣੀ ਭੂਆ ਦੇ ਮੁੰਡੇ ਦੇ ਵਿਆਹ ਤੋਂ ਵਾਪਸ ਪਿੰਡ ਲਦਾਲ ਤੋਂ ਆਪਣੇ ਪਿੰਡ ਖਡਿਆਲ ਕੋਠੇ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਛਾਜਲੇ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਨਾਲ ਅੰਮ੍ਰਿਤਪਾਲ ਸਿੰਘ ਲਾਡੀ 28 ਸਾਲ ਦੀ ਮੌਕੇ ’ਤੇ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਕੱਤਰ ਹੋਏ ਲੋਕਾਂ ਦਾ ਕਹਿਣਾ ਹੈ ਕਿ 2 ਗੱਡੀਆਂ ਹਲਕੀਆਂ ਜਿਹੀਆਂ ਆਪਸ ਵਿਚ ਟਕਰਾਈਆਂ। ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਲਾਡੀ ਵਾਲੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਟਾਇਰ ਫਟ ਗਿਆ। ਇਸ ਕਾਰਨ ਇਹ ਗੱਡੀ ਸਕੂਲੀ ਵੈਨ ਨਾਲ ਟਕਰਾ ਗਈ। ਹਾਦਸਾ ਵਾਪਰਦੇ ਹੀ ਸਵਿਫਟ ਕਾਰ ਦੇ ਪਰਖੱਚੇ ਉੱਡ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਲਾਡੀ ਇਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਇਹ ਵਿਆਹ ਦੇ ਵਿਚ ਗੱਡੀ ਕਿਸੇ ਦੀ ਮੰਗ ਕੇ ਲੈ ਗਿਆ ਸੀ ਤੇ ਡਰਾਈਵਰੀ ਕਰਨ ਦਾ ਕੰਮ ਕਰਦਾ ਸੀ। ਕਿਸੇ ਵੀ ਨਸ਼ੇ ਪੱਤੇ ਤੋਂ ਦੂਰ ਰਹਿੰਦਾ ਸੀ, ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਬੀਮਾ ਕੰਪਨੀ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਦਿਵਾਉਣ ਲਈ ਅਪੀਲ ਕੀਤੀ ਹੈ। ਮੌਕੇ ’ਤੇ ਖੜ੍ਹੇ ਸਕੂਲੀ ਵੈਨ ਦੇ ਡਰਾਈਵਰ ਸੰਦੀਪ ਸਿੰਘ ਨੇ ਕਿਹਾ ਕਿ ਮੇਰਾ ਬਿਲਕੁਲ ਵੀ ਨੁਕਸ ਨਹੀਂ ਹੈ, ਮੈਂ ਆਪਣੀ ਸਾਈਡ ’ਤੇ ਆ ਰਿਹਾ ਸੀ। ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਮੇਰੀ ਸਕੂਲੀ ਵੈਨ ਵਿਚ ਲੱਗੀ ਹੈ। ਦੂਜੇ ਪਾਸੇ ਥਾਣਾ ਛਾਜਲੀ ਦੀ ਪੁਲਿਸ ਆਪਣੀ ਕਾਰਵਾਈ ਵਿੱਚ ਜੁੱਟ ਗਈ ਹੈ।