ਬਿਨਾਂ ਨੰਬਰ ਪਲੇਟ, ਫਰਜ਼ੀ ਵੀਆਈਪੀ ਸਟਿੱਕਰਾਂ ਤੇ ਓਵਰਲੋਡ ਵਾਹਨਾਂ ਖ਼ਿਲਾਫ਼ ਮੁਹਿੰਮ
ਬਿਨਾਂ ਨੰਬਰ ਪਲੇਟ, ਫਰਜ਼ੀ ਵੀਆਈਪੀ ਸਟਿੱਕਰਾਂ ਤੇ ਓਵਰਲੋਡ ਵਾਹਨਾਂ ਖ਼ਿਲਾਫ਼ ਮੁਹਿੰਮ
Publish Date: Fri, 05 Jun 2026 05:42 PM (IST)
Updated Date: Sat, 06 Jun 2026 04:05 AM (IST)

ਗੈਰ-ਕਾਨੂੰਨੀ ਝੁੱਗੀਆਂ ਅਤੇ ਬਾਹਰੀ ਪ੍ਰਵਾਸੀਆਂ ਦੀ ਵੀ ਹੋਵੇਗੀ ਜਾਂਚ : ਐੱਸਐੱਸਪੀ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਤੇ ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਸੰਗਰੂਰ ਪੁਲਿਸ ਵੱਲੋਂ ਜਲਦ ਹੀ ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ ਕੀਤਾ ਜਾਵੇਗਾ। ਇਸ ਤਹਿਤ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਚਲਾਉਣ, ਮੂੰਹ ਢੱਕ ਕੇ ਘੁੰਮਣ ਵਾਲੇ ਬਾਈਕ ਸਵਾਰਾਂ, ਵਾਹਨਾਂ ’ਤੇ ਫਰਜ਼ੀ ਪ੍ਰੈੱਸ ਜਾਂ ਵੀਆਈਪੀ ਸਟਿੱਕਰ ਲਗਾ ਕੇ ਦੁਰਵਰਤੋਂ ਕਰਨ ਵਾਲਿਆਂ, ਓਵਰਲੋਡ ਵਾਹਨਾਂ ਤੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੀਆਂ ਫੂਸ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਐੱਸਐੱਸਪੀ ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਅਮਨ-ਸ਼ਾਂਤੀ ਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਚਲਾਉਂਦੇ ਹਨ ਜਾਂ ਆਪਣੀ ਪਛਾਣ ਲੁਕਾਉਣ ਲਈ ਮੂੰਹ ਢੱਕ ਕੇ ਸੜਕਾਂ ’ਤੇ ਘੁੰਮਦੇ ਹਨ, ਜਿਸ ਨਾਲ ਕਿਸੇ ਵੀ ਅਪਰਾਧਿਕ ਘਟਨਾ ਦੀ ਸਥਿਤੀ ’ਚ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਲੋਕਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਈ ਵਾਹਨ ਚਾਲਕ ਆਪਣੇ ਵਾਹਨਾਂ ’ਤੇ ਪ੍ਰੈੱਸ, ਪੁਲਿਸ ਜਾਂ ਹੋਰ ਵੀਆਈਪੀ ਸਟਿੱਕਰ ਲਗਾ ਕੇ ਘੁੰਮਦੇ ਹਨ, ਜਦਕਿ ਉਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਅਜਿਹੇ ਫਰਜ਼ੀ ਅਤੇ ਭਰਮ ਪੈਦਾ ਕਰਨ ਵਾਲੇ ਸਟਿੱਕਰਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਓਵਰਲੋਡ ਵਾਹਨ ਅਤੇ ਫੂਸ ਨਾਲ ਬਹੁਤ ਜ਼ਿਆਦਾ ਭਰੀਆਂ ਟਰੈਕਟਰ-ਟਰਾਲੀਆਂ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਆਮ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਹੁੰਦਾ ਹੈ। ਇਸ ਲਈ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਵਾਹਨ ਚਾਲਕਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਚਲਾਨਾਂ ਸਮੇਤ ਹੋਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਥਾਣਿਆਂ ਵਿੱਚ ਸਟਾਫ ਦੀ ਕਮੀ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨਫ਼ਰੀ ਵਿੱਚ ਵਾਧੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਅਪਰਾਧਾਂ ’ਤੇ ਪ੍ਰਭਾਵਸ਼ਾਲੀ ਕਾਬੂ ਪਾਉਣ ਲਈ ਜ਼ਿਲ੍ਹੇ ਵਿੱਚ ਦਿਨ ਅਤੇ ਰਾਤ ਦੋਵੇਂ ਸਮਿਆਂ ਦੌਰਾਨ ਪੀਸੀਆਰ ਪੈਟਰੋਲਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸ਼ਹਿਰ ਵਿੱਚ ਵੱਧ ਰਹੀਆਂ ਗੈਰ-ਕਾਨੂੰਨੀ ਝੁੱਗੀ-ਝੌਂਪੜੀਆਂ ਅਤੇ ਉੱਥੇ ਰਹਿ ਰਹੇ ਬਾਹਰੀ ਪ੍ਰਵਾਸੀਆਂ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ। ਐੱਸਐੱਸਪੀ ਨੇ ਕਿਹਾ ਕਿ ਅਜਿਹੀਆਂ ਝੁੱਗੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਉੱਥੇ ਰਹਿ ਰਹੇ ਲੋਕਾਂ ਦੀ ਸ਼ਨਾਖ਼ਤ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਟਰੈਫਿਕ ਜਾਮ ਦੀ ਸਮੱਸਿਆ ਅਤੇ ਹੋਰ ਅਹਿਮ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।