ਕੈਬਨਿਟ ਮੰਤਰੀ ਅਰੋੜਾ ਨੇ 18.20 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ
ਕੈਬਨਿਟ ਮੰਤਰੀ ਅਰੋੜਾ ਨੇ 18.20 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ
Publish Date: Sun, 08 Mar 2026 03:59 PM (IST)
Updated Date: Mon, 09 Mar 2026 04:00 AM (IST)

ਕਰੀਬ 35 ਸੜਕਾਂ ਦੀ ਕਾਇਆ ਕਲਪ ਲਈ ਰੱਖੇ ਨੀਂਹ ਪੱਥਰ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਵਾਨੀਗੜ ਬਲਾਕ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰੀਬ 18.20 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਵਿਸਥਾਰ, ਨਵੀਂ ਸੜਕਾਂ ਦੀ ਉਸਾਰੀ ਅਤੇ ਹੋਰ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿਕਾਸ ਕਾਰਜਾਂ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਆਵਾਜਾਈ ਦੀਆਂ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ, ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਅਤੇ ਪਿੰਡਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਜੋੜਨਾ ਹੈ। ਉਨ੍ਹਾਂ ਵੱਲੋਂ ਸ਼ੁਰੂ ਕਰਵਾਏ ਗਏ ਵਿਕਾਸ ਕਾਰਜਾਂ ਤਹਿਤ ਪਿੰਡ ਸੰਘਰੇੜੀ ਵਿੱਚ ਫਿਰਨੀ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ ਕਰੀਬ 45 ਲੱਖ ਰੁਪਏ, ਸੰਘਰੇੜੀ-ਸੁਨਾਮ-ਭਵਾਨੀਗੜ੍ਹ ਰੋਡ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ 2 ਕਰੋੜ 12 ਲੱਖ ਰੁਪਏ ਅਤੇ ਸੰਘਰੇੜੀ ਤੋਂ ਨਾਗਰਾ ਰੋਡ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ 1 ਕਰੋੜ 89 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਜਾਣਗੇ। ਇਸੇ ਤਰ੍ਹਾਂ ਪਿੰਡ ਬਿਜਲਪੁਰ ਵਿੱਚ ਪਿੰਡ ਦੀ ਫਿਰਨੀ ਰੋਡ ਸਮੇਤ ਬਾਸੀਅਰਕ ਤਕ ਜਾਣ ਵਾਲੀ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਹੋਰ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਪਿੰਡ ਨਾਗਰਾ ਵਿੱਚ ਵੀ ਕਈ ਅਹਿਮ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇੱਥੇ ਨਾਗਰਾ-ਖਾਨਪੁਰ ਰੋਡ ਤੋਂ ਨਾਗਰਾ-ਗੁਜਰਾਂ ਰੋਡ ਤੱਕ ਨਵੀਂ ਸੜਕ ਦੀ ਉਸਾਰੀ ਲਈ 1 ਕਰੋੜ 5 ਲੱਖ ਰੁਪਏ, ਪਿੰਡ ਦੀ ਫਿਰਨੀ ਤੋਂ ਮਸੀਤ ਅਤੇ ਗਊਸ਼ਾਲਾ ਤਕ ਨਵੀਂ ਸੜਕ ਬਣਾਉਣ ਲਈ 24 ਲੱਖ ਰੁਪਏ, ਨਾਗਰਾ ਤੋਂ ਘਰਾਚੋਂ ਤਕ ਸੜਕ ਨੂੰ 10 ਫੁੱਟ ਤੋਂ 18 ਫੁੱਟ ਤਕ ਚੌੜਾ ਕਰਨ ਲਈ 2 ਕਰੋੜ 12 ਲੱਖ ਰੁਪਏ ਅਤੇ ਨਾਗਰਾ ਤੋਂ ਨਾਗਰੀ-ਬੀ.ਐਸ.ਬੀ.ਕੇ. ਸੜਕ ਤਕ ਨਵੀਂ ਸੜਕ ਦੀ ਉਸਾਰੀ ਲਈ 91 ਲੱਖ 25 ਹਜ਼ਾਰ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਯਾਦਗਾਰੀ ਗੇਟ ਦੀ ਉਸਾਰੀ ਅਤੇ ਹੋਰ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਦੀ ਰਕਮ ਵੀ ਰੱਖੀ ਗਈ ਹੈ। ਇਸ ਤੋਂ ਇਲਾਵਾ 3 ਕਰੋੜ 60 ਲੱਖ ਰੁਪਏ ਅਤੇ 1 ਕਰੋੜ 87 ਲੱਖ ਰੁਪਏ ਦੀ ਲਾਗਤ ਦੇ ਹੋਰ ਵੱਖ ਵੱਖ ਵਿਕਾਸ ਕਾਰਜ ਵੀ ਸ਼ੁਰੂ ਕਰਵਾਏ।