- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਸਟੈਂਡ ਘਨੌਰ ਸਹੂਲਤਾਂ ਤੋਂ ਸੱਖਣਾ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਬੱਸ ਸਟੈਂਡ ਘਨੌਰ ਵਿਚ ਬੁਨਿਆਦੀ ਸਹੂਲਤਾਂ ਦੀ ਭਾਰੀ ਕਮੀ ਕਾਰਨ ਸਥਾਨਕ ਲੋਕਾਂ ਤੇ ਦਿਨੋ-ਦਿਨ ਆਉਣ ਵਾਲੇ ਯਾਤਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਸੈਂਕੜੇ ਯਾਤਰੀ ਬੱਸਾਂ ਦੀ ਉਡੀਕ ਕਰਦੇ ਹਨ, ਪਰ ਬੈਠਣ ਲਈ ਕੁਰਸੀਆਂ ਤੱਕ ਉਪਲੱਬਧ ਨਹੀਂ, ਜਿਸ ਕਾਰਨ ਲੋਕਾਂ ਨੂੰ ਭੁੰਜੇ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ। ਕਿਸਾਨ ਆਗੂ ਪਵਨ ਕੁਮਾਰ ਨੇ ਦੱਸਿਆ ਕਿ ਆਰਪੀਡਵਲਿਊਡੀ ਐਕਟ 2016 ਅਨੁਸਾਰ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਰੈਂਪ ਬਣਾਉਣਾ ਲਾਜ਼ਮੀ ਹੈ, ਪਰ ਬੱਸ ਸਟੈਂਡ ਘਨੌਰ ਵਿਚ ਅਜੇ ਤੱਕ ਐਸਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਾਰਨ ਦਿਵਿਆਂਗਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਬੱਸ ਸਟੈਂਡ ਤੱਕ ਪਹੁੰਚਣ ਅਤੇ ਉਥੇ ਇੰਤਜ਼ਾਰ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਨੀਂਹ 24 ਅਕਤੂਬਰ 2016 ਨੂੰ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਤੇ ਉਸ ਸਮੇਂ ਦੀ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਵੱਲੋਂ ਰੱਖੀ ਗਈ ਸੀ, ਬਾਅਦ ਵਿਚ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਇਸ ਦਾ ਉਦਘਾਟਨ ਵੀ ਕੀਤਾ ਗਿਆ, ਪਰ ਉਦਘਾਟਨ ਤੋਂ ਬਾਅਦ ਯਾਤਰੀਆਂ ਦੀਆਂ ਬੁਨਿਆਦੀ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪਵਨ ਕੁਮਾਰ ਸੋਗਲਪੁਰ ਨੇ ਕਿਹਾ ਕਿ ਨੀਂਹ ਪੱਥਰ ਤੇ ਉਦਘਾਟਨ ਸਮੇਂ ਸਿਰਫ਼ ਤਸਵੀਰੀ ਕਾਰਜ ਹੋਏ, ਪਰ ਅਸਲ ਵਿਚ ਬੱਸ ਸਟੈਂਡ ਅਜੇ ਵੀ ਕੁਰਸੀਆਂ ਸਾਫ਼-ਸਫਾਈ ਅਤੇ ਰੈਂਪ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਇਸ ਮਾਮਲੇ ਸਬੰਧੀ ਜਦੋਂ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸਡੀਓ ਪੰਚਾਇਤੀ ਰਾਜ ਨਾਲ ਸੰਪਰਕ ਜਾਵੇ। ਜਦੋਂ ਐੱਸਡੀਓ ਪੰਚਾਇਤੀ ਰਾਜ ਸਬ ਡਵੀਜਨ ਰਾਜਪੁਰਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੱਸ ਸਟੈਂਡ ਲਈ ਕੁਰਸੀਆਂ ਇਕ ਕਮਰੇ ’ਚ ਰੱਖੀਆਂ ਹੋਈਆਂ ਹਨ ਤੇ ਨਗਰ ਪੰਚਾਇਤ ਨੂੰ ਕਈ ਵਾਰ ਸਪੁਰਦਗੀ ਲਈ ਕਿਹਾ ਜਾ ਚੁੱਕਾ ਹੈ, ਪਰ ਨਗਰ ਪੰਚਾਇਤ ਵੱਲੋਂ ਮੀਟਿੰਗ ਨਾ ਹੋਣ ਕੁਰਸੀਆਂ ਨਹੀਂ ਰੱਖੀਆਂ ਗਈਆਂ। ਇਸ ਕਾਰਨ ਯਾਤਰੀਆਂ ਨੂੰ ਭੁੰਜੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂ ਪਵਨ ਕੁਮਾਰ ਨੇ ਸਰਕਾਰ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਬੱਸ ਸਟੈਂਡ ਘਨੌਰ ਵਿਚ ਤੁਰੰਤ ਕੁਰਸੀਆਂ, ਰੈਂਪ, ਪੀਣ ਵਾਲਾ ਪਾਣੀ, ਸਾਫ਼-ਸਫਾਈ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਆਮ ਲੋਕਾਂ ਤੇ ਯਾਤਰੀਆਂ ਨੂੰ ਰੋਜ਼ਾਨਾ ਆ ਰਹੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਪੀਆਰਟੀਸੀ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਘਨੌਰ ਦੇ ਬੱਸ ਸਟੈਂਡ ਦੇ ਜੋ ਕਾਰਜ ਅਧੂਰੇ ਹਨ ਇਨ੍ਹਾਂ ਨੂੰ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਘਨੌਰ ਤੇ ਪੰਚਾਇਤੀ ਰਾਜ ਵਿਭਾਗ ਨਾਲ ਰਾਬਤਾ ਜਲਦ ਹੀ ਅਧੂਰੇ ਕਾਰਜ ਪੂਰੇ ਕਰਾਏ ਜਾਣਗੇ।