ਧੁੰਦ ਕਾਰਨ ਬੱਸ ਦਰਖਤ ’ਚ ਵੱਜੀ, ਅੱਠ ਜਣੇ ਜ਼ਖ਼ਮੀ
ਧੁੰਦ ਕਾਰਨ ਬੱਸ ਦਰਖਤ ’ਚ ਵੱਜੀ, ਅੱਠ ਜਣੇ ਜ਼ਖ਼ਮੀ
Publish Date: Sun, 01 Feb 2026 06:24 PM (IST)
Updated Date: Mon, 02 Feb 2026 04:11 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਧੁੰਦ ਕਾਰਨ ਐਤਵਾਰ ਸਵੇਰੇ ਸੰਗਰੂਰ–ਪਟਿਆਲਾ ਬਾਈਪਾਸ ਰੋਡ ’ਤੇ ਇਕ ਨਿੱਜੀ ਕੰਪਨੀ ਦੀ ਬੱਸ ਕਾਰ ਨੂੰ ਉਵਰਟੇਕ ਕਰਦੇ ਸਮੇਂ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ ਦੌਰਾਨ ਬੱਸ ਵਿਚ ਸਵਾਰ ਅੱਠ ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਸਾਰੇ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨਿੱਜੀ ਕੰਪਨੀ ਦੀ ਬੱਸ ਬਰਨਾਲਾ ਤੋਂ ਸੰਗਰੂਰ ਵੱਲ ਆ ਰਹੀ ਸੀ। ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਸਮੇਂ ਬੱਸ ਵਿੱਚ ਕੁੱਲ 10 ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਵਿੱਚੋਂ 8 ਯਾਤਰੀ ਜ਼ਖ਼ਮੀ ਹੋ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਕਿਸਮ ਦੀ ਜਾਨ-ਮਾਲ ਦੀ ਹਾਨੀ ਨਹੀਂ ਹੋਈ। ਜ਼ਖ਼ਮੀ ਯਾਤਰੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਘਾਬਦਾਂ ਨੇੜੇ ਨਿੱਜੀ ਕੰਪਨੀ ਦੀ ਬੱਸ ਵਿੱਚ ਸਫ਼ਰ ਕਰ ਰਹੀ ਸੀ। ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਸਾਹਮਣੋਂ ਲੰਘ ਰਹੀ ਕਾਰ ਦਾ ਠੀਕ ਅੰਦਾਜ਼ਾ ਨਹੀਂ ਲੱਗ ਸਕਿਆ, ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਕਿਨਾਰੇ ਝੁਕੇ ਦਰੱਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਉੱਥੇ ਹੀ ਨਿੱਜੀ ਕੰਪਨੀ ਆਈਏਐਲ ਦੇ ਨੁਮਾਇੰਦੇ ਅਜੈ ਸ਼ਰਮਾ ਅਤੇ ਸੁਮਨ ਤੁਰੰਤ ਹਸਪਤਾਲ ਪਹੁੰਚੇ ਅਤੇ ਕੰਪਨੀ ਦੇ ਕਰਮਚਾਰੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਬੱਸ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਬੱਸ ਵਿੱਚ ਕੰਪਨੀ ਦੇ 10 ਕਰਮਚਾਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਨੂੰ ਸੱਟਾਂ ਆਈਆਂ ਹਨ। ਸਾਰੇ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਕੰਪਨੀ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਕਿਸੇ ਵੀ ਜ਼ਖ਼ਮੀ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਸਰਕਾਰੀ ਸਿਵਲ ਹਸਪਤਾਲ ਦੇ ਡਾ. ਗੁਰਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਸੰਦੀਪ ਕੌਰ (32) ਨਿਵਾਸੀ ਧੰਦੀਵਾਲ, ਸੁਖਵਿੰਦਰ ਕੌਰ (21) ਨਿਵਾਸੀ ਕਾਂਝਲਾ, ਮਨਪ੍ਰੀਤ ਸਿੰਘ (25) ਕਾਂਝਲੀ, ਪਰਮਜੀਤ ਕੌਰ (35) ਕੁੰਬੜਵਾਲ, ਨਸਵੀਰ (22) ਕਾਨਗੜ੍ਹ, ਅਮਰੀਕ ਖ਼ਾਨ (24) ਧੂਰਕੋਟ, ਰਮਨਪ੍ਰੀਤ ਕੌਰ (24) ਨਿਵਾਸੀ ਦਾਨਗੜ੍ਹ ਅਤੇ ਕਿਰਨ ਕੌਰ (35) ਨਿਵਾਸੀ ਕੁੰਬੜਵਾਲ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ, ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਆਈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ।