ਭੈਣ ਦੇ ਸੰਸਕਾਰ ’ਤੇ ਜਾ ਰਹੇ ਭਰਾ ਦੀ ਹਾਦਸੇ ’ਚ ਮੌਤ
ਭੈਣ ਦੇ ਸੰਸਕਾਰ ਤੇ ਜਾ ਰਹੇ ਭਰਾ ਦੀ ਹਾਦਸੇ ’ਚ ਮੌਤ
Publish Date: Sat, 18 Apr 2026 05:15 PM (IST)
Updated Date: Sun, 19 Apr 2026 04:06 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਭੈਣ ਦੇ ਸੰਸਕਾਰ ’ਤੇ ਜਾਂਦੇ ਸਮੇਂ ਭਰਾ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਜਦਕਿ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਸ਼ਨਿੱਚਰਵਾਰ ਨੂੰ ਨੈਸ਼ਨਲ ਹਾਈਵੇ ਈਲਵਾਲ ਚੌਕ ਵਿੱਚ ਦੁਪਹਿਰ ਵੇਲੇ ਘਟੀ। ਥਾਣਾ ਸਦਰ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਜਲੰਧਰ ਨਿਵਾਸੀ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਜਲੰਧਰ ਤੋਂ ਹਰਿਆਣਾ ’ਚ ਸਤੀਸ਼ ਤੇ ਨਵੀਨ ਵਾਸੀ ਲੁਧਿਆਣਾ ਦੀ ਭੈਣ ਦੇ ਸੰਸਕਾਰ ’ਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਗਲਤੀ ਨਾਲ ਬਰਨਾਲੇ ਵੱਲ ਚਲੇ ਗਏ। ਪ੍ਰੰਤੂ ਪਤਾ ਲੱਗਣ ’ਤੇ ਉਹ ਵਾਪਸ ਸੰਗਰੂਰ ਵੱਲ ਆਏ ਤੇ ਨੈਸ਼ਨਲ ਹਾਈਵੇ ’ਤੇ ਚੜ੍ਹ ਗਏ। ਜਦੋਂ ਉਨ੍ਹਾਂ ਦੀ ਸਵਿਫਟ ਕਾਰ ਈਲਵਾਲ ਚੌਕ ਕੋਲ ਪੁੱਜੀ ਤਾਂ ਪਿੱਛੇ ਤੇਜ਼ ਰਫ਼ਤਾਰ ਆ ਰਹੀ ਥਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀ ਭਿਆਨਕ ਸੀ ਕਿ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਸਤੀਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਮਹਿੰਦਰ ਸ਼ਰਮਾ ਤੇ ਨਵੀਨ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।