ਡਾ. ਆਸ਼ਟ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ
ਡਾ. ਦਰਸ਼ਨ ਸਿੰਘ ‘ਆਸ਼ਟ’ ਦੀਆਂ ਪੁਸਤਕਾਂ ਦਾ ਲੋਕ ਅਰਪਣ
Publish Date: Thu, 23 Apr 2026 04:40 PM (IST)
Updated Date: Thu, 23 Apr 2026 04:43 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਦੀਆਂ ਦੋ ਨਵੀਆਂ ਬਾਲ ਨਾਟਕ ਪੁਸਤਕਾਂ ‘ਤੁਸੀਂ ਬੱਚੇ ਕਦੋਂ ਬਣੋਂਗੇ? ਅਤੇ ਹੋਰ ਬਾਲ ਨਾਟਕ’ ਅਤੇ ‘ਚੁਗਲਖ਼ੋਰ ਅਤੇ ਹੋਰ ਬਾਲ ਨਾਟਕ’ ਦਾ ਲੋਕ ਅਰਪਣ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਇਸ ਧਾਰਣਾ ਕਿ ਨਵੀਂ ਪੀੜ੍ਹੀ ਨੂੰ ਉਸ ਦੀ ਮਾਤ ਭਾਸ਼ਾ ਅਤੇ ਸਾਹਿਤ ਨਾਲ ਜੋੜਨਾ ਵਰਤਮਾਨ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ, ਦੇ ਮੱਦੇਨਜ਼ਰ ਪੰਜਾਬ ਦੇ ਨਾਮੀ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕਾਂ ਵੱਲੋਂ ਇਹ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਪ੍ਰੀਤਨਗਰ (ਅੰਮ੍ਰਿਤਸਰ) ਤੋਂ ਪੁੱਜੇ ਹਿਰਦੇਪਾਲ ਸਿੰਘ ਨੇ ਕਿਹਾ ਕਿ ਬਾਲ ਸਾਹਿਤ ਵਿਚ ਬੱਚਿਆਂ ਲਈ ਮਿਆਰੀ ਨਾਟਕਾਂ ਦੀ ਮੁੱਢ ਤੋਂ ਹੀ ਘਾਟ ਹੈ, ਇਸ ਦਿਸ਼ਾ ਵਿਚ ਇਹ ਉਸਾਰੂ ਕਦਮ ਹੈ। ਡਾ. ਕੁਲਬੀਰ ਸਿੰਘ ਸੂਰੀ ਦੀ ਧਾਰਨਾ ਸੀ ਕਿ ਬਾਲ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਨੇ ਪੰਜਾਬੀ ਬਾਲ ਸਾਹਿਤ ਦੇ ਖੇਤਰ ਨੂੰ ਅਮੀਰ ਬਣਾਇਆ ਹੈ। ਬਲਜਿੰਦਰ ਮਾਨ ਦਾ ਕਹਿਣਾ ਸੀ ਕਿ ਬਾਲ ਸਾਹਿਤ ਹੀ ਪ੍ਰੋੜ੍ਹ ਸਾਹਿਤ ਲਈ ਰਾਹਦਸੇਰਾ ਬਣਦਾ ਹੈ ਅਤੇ ਬੱਚਿਆਂ ਦੇ ਮਨਾਂ ਵਿਚ ਨੈਤਿਕਤਾ ਦੀ ਭਾਵਨਾ ਜਗਾਉਂਦਾ ਹੈ। ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਵਿਚ ਬਾਲ ਨਾਟਕਾਂ ਦੀ ਘਾਟ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਖੇਡਣ ਲਈ ਮਿਆਰੀ ਨਾਟਕਾਂ ਦੀ ਘਾਟ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਬਾਲ ਨਾਟਕਾਂ ਨਾਲ ਸਕੂਲਾਂ ਵਿਚ ਬਾਲ ਨਾਟਕਾਂ ਦੇ ਮੰਚਣ ਦੀ ਘਾਟ ਪੂਰੀ ਹੋਵੇਗੀ। ਇਸ ਮੌਕੇ ਪ੍ਰਸਿੱਧ ਬਾਲ ਰਿਸਾਲੇ ਨਿੱਕੀਆਂ ਕਰੂੰਬਲਾਂ, ਜਿਸ ਨੇ ਕਈ ਬਾਲ ਨਾਟਕ ਵਿਸ਼ੇਸ਼ ਕੱਢੇ ਹਨ, ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਰਾਜਵਿੰਦਰ ਸਿੰਘ ਅਤੇ ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਮੋਹਿੰਦਰ ਕੌਰ, ਤਰਸੇਮ ਤੋਂ ਇਲਾਵਾ ਕਈ ਰੰਗਕਰਮੀ ਵੀ ਹਾਜ਼ਰ ਸਨ।