ਖੂਨਦਾਨ ਨੂੰ ਨਿਯਮਤ ਮੁਹਿੰਮ ਬਣਨ ਦੀ ਲੋੜ : ਖੰਨਾ
ਖੂਨਦਾਨ ਨੂੰ ਨਿਯਮਤ ਮੁਹਿੰਮ ਬਣਨ ਦੀ ਲੋੜ : ਖੰਨਾ
Publish Date: Sun, 08 Feb 2026 04:09 PM (IST)
Updated Date: Mon, 09 Feb 2026 04:00 AM (IST)

ਲਾਇਨਜ਼ ਕਲੱਬ ਦੇ ਆਯੋਜਨ ’ਚ ਖੂਨਦਾਨੀਆਂ ਨੂੰ ਕੀਤਾ ਉਤਸ਼ਾਹਿਤ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਭਾਰਤੀ ਜਨਤਾ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਸਮਾਜਿਕ ਸੰਸਥਾਵਾਂ ਨੂੰ ਖੂਨਦਾਨ ਕੈਂਪਾਂ ਦਾ ਆਯੋਜਨ ਕਰਨ ਦੇ ਨਾਲ-ਨਾਲ ਖੂਨਦਾਨ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੀ ਕੰਮ ਕਰਨਾ ਚਾਹੀਦਾ ਹੈ। ਅਰਵਿੰਦ ਖੰਨਾ ਲਾਇਨਜ਼ ਕਲੱਬ ਸੰਗਰੂਰ ਰਾਇਲ ਵੱਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਆਯੋਜਿਤ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਲੋਕ ਖੂ਼ਨਦਾਨ ਕਰਨ ਬਾਰੇ ਭੰਬਲਭੂਸੇ ਵਿਚ ਰਹਿੰਦੇ ਹਨ। ਸਮਾਜਿਕ ਸੰਗਠਨਾਂ ਨੂੰ ਇਸ ਦਿਸ਼ਾ ਵਿਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਤਾਂ ਜੋ ਖੂਨਦਾਨ ਨੂੰ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ ਅਤੇ ਲੋੜ ਪੈਣ ਤੇ ਵੱਧ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਇਸ ਮੁਹਿੰਮ ਵਿੱਚ ਨੌਜਵਾਨਾਂ ਨੂੰ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਦਾਨ ਕਿਸੇ ਅਜਿਹੇ ਵਿਅਕਤੀ ਦੀ ਜਾਨ ਬਚਾਉਂਦਾ ਹੈ, ਜੋ ਤੁਹਾਡਾ ਜਾਣਕਾਰ ਨਹੀਂ। ਐਮਰਜੈਂਸੀ ਜਾਂ ਹਾਦਸੇ ਦੇ ਸਮੇਂ, ਇਹ ਦਾਨ ਕਿਸੇ ਅਣਜਾਣ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇਣ ’ਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਇਸ ਆਯੋਜਨ ਲਈ ਪੂਰੀ ਲਾਇਨਜ਼ ਕਲੱਬ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲਾਇਨਜ਼ ਕਲੱਬ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਵਿੱਚ ਇੱਕ ਮੋਹਰੀ ਸੰਸਥਾ ਹੈ। ਲਾਇਨਜ਼ ਕਲੱਬ ਸੰਗਰੂਰ ਸ਼ਹਿਰ ਵਿੱਚ ਸਮਾਜਿਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।