ਮਰਹੂਮ ਕ੍ਰਿਕਟਰ ਧਰੁਵ ਪਾਂਡਵ ਦੀ ਯਾਦ ’ਚ ਖੂਨਦਾਨ ਕੈਂਪ ਲਗਾਇਆ
ਮਰਹੂਮ ਕ੍ਰਿਕਟਰ ਧਰੁਵ ਪਾਂਡਵ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ
Publish Date: Fri, 30 Jan 2026 06:36 PM (IST)
Updated Date: Fri, 30 Jan 2026 06:40 PM (IST)

ਫੋਟੋ 30ਪੀਟੀਐਲ: 31 ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਧਰੁਵ ਪਾਂਡਵ ਕ੍ਰਿਕਟ ਟਰੱਸਟ ਵੱਲੋਂ ਮਹਾਨ ਮਰਹੂਮ ਕ੍ਰਿਕਟਰ ਧਰੁਵ ਪਾਂਡਵ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਟਰੱਸਟ ਵੱਲੋਂ ਹਰ ਸਾਲ ਇਸ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਧਰੁਵ ਪਾਂਡਵ ਕ੍ਰਿਕਟ ਟ੍ਰਸਟ ਦਾ ਗਠਨ ਇੱਕ ਉਭਰਦੇ ਹੋਏ ਨੌਜਵਾਨ ਕ੍ਰਿਕਟਰ ਦੀ ਯਾਦ ਵਿਚ ਕੀਤਾ ਗਿਆ ਸੀ, ਜਿਸ ਨੇ ਖੇਡ ਵਿਚ ਬਹੁਤ ਨਾਮ ਕਮਾਇਆ ਸੀ ਪਰ ਬਦਕਿਸਮਤੀ ਨਾਲ 30 ਜਨਵਰੀ, 1992 ਨੂੰ ਅੰਬਾਲਾ ਨੇੜੇ ਇਕ ਸੜਕ ਹਾਦਸੇ ਵਿਚ ਉਸਦੀ ਜਾਨ ਚਲੀ ਗਈ। ਧਰੁਵ ਪਾਂਡਵ ਇਕ ਸ਼ਾਨਦਾਰ ਕ੍ਰਿਕਟਰ ਸਨ ਜਿਨ੍ਹਾਂ ਨੇ ਮਹਿਜ਼ ਚੌਦਾਂ ਸਾਲ ਦੀ ਉਮਰ ਵਿਚ ਪੰਜਾਬ ਵੱਲੋਂ ਰਣਜੀ ਟਰਾਫੀ ਟੂਰਨਾਮੈਂਟ ਖੇਡਿਆ ਸੀ। ਉਨ੍ਹਾਂ ਦੇ ਨਾਮ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਬਣਾਉਣ ਅਤੇ 1,000 ਫਰਸਟ ਕਲਾਸ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਸੀ। ਉਹ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਅਨਿਲ ਕੁੰਬਲੇ, ਜੇ. ਸ੍ਰੀਨਾਥ, ਵਿਨੋਦ ਕਾਂਬਲੀ, ਅਜੇ ਜਡੇਜਾ ਅਤੇ ਰਾਹੁਲ ਦ੍ਰਾਵਿੜ ਵਰਗੇ ਦਿੱਗਜ ਕ੍ਰਿਕਟਰਾਂ ਦੇ ਸਮਕਾਲੀ ਸਨ। ਖੂਨਦਾਨੀਆਂ ਤੋਂ ਇਲਾਵਾ, ਪਟਿਆਲਾ ਦੇ ਕਈ ਉਘੇ ਨਾਗਰਿਕਾਂ ਨੇ ਕੈਂਪ ਦਾ ਦੌਰਾ ਕੀਤਾ। ਕੈਂਪ ਵਿਚ 167 ਖਿਡਾਰੀਆਂ ਅਤੇ ਪਤਵੰਤੇ ਸੱਜਣਾਂ ਨੇ ਖੂਨਦਾਨ ਕੀਤਾ। ਟ੍ਰਸਟ ਵੱਲੋਂ ਲੋੜਵੰਦ ਕ੍ਰਿਕਟਰਾਂ ਅਤੇ ਖੇਡ ਨਾਲ ਜੁੜੇ ਹੋਰ ਲੋੜਵੰਦ ਵਿਅਕਤੀਆਂ ਦੀ ਮਦਦ ਵੀ ਕੀਤੀ ਜਾਂਦੀ ਹੈ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸੁਖਮਿੰਦਰ ਸਿੰਘ ਚੌਹਾਨ (ਏਆਈਜੀ- ਐਕਸਾਈਜ਼ ਤੇ ਟੈਕਸੇਸ਼ਨ, ਪੰਜਾਬ) ਵੱਲੋਂ ਕੀਤਾ ਗਿਆ। ਕੈਂਪ ਵਿਚ ਪੰਜਾਬੀ ਫਿਲਮ ਜਗਤ ਦੀਆਂ ਨਾਮਵਰ ਹਸਤੀਆਂ ਹੌਬੀ ਧਾਲੀਵਾਲ ਅਤੇ ਸੁਨੀਤਾ ਧੀਰ ਨੇ ਵੀ ਸ਼ਿਰਕਤ ਕੀਤੀ। ਇਸ ਕੈਂਪ ’ਚ ਨਰਿੰਦਰਪਾਲ ਵਰਮਾ (ਲੱਲੀ), ਪ੍ਰਧਾਨ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਪਟਿਆਲਾ ਅਤੇ ਪ੍ਰਸਿੱਧ ਸਮਾਜ ਸੇਵੀ ਦਾ ਵਿਸ਼ੇਸ਼ ਯੋਗਦਾਨ ਰਿਹਾ।