ਲਹਿਰਾ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਤਿੰਨੇ ਮੁਲਜ਼ਮ ਗ੍ਰਿਫ਼ਤਾਰ
ਲਹਿਰਾ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਤਿੰਨੇ ਮੁਲਜ਼ਮ ਗ੍ਰਿਫ਼ਤਾਰ
Publish Date: Thu, 08 Jan 2026 05:17 PM (IST)
Updated Date: Fri, 09 Jan 2026 04:06 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲਹਿਰਾਗਾਗਾ ਪੁਲਿਸ ਨੇ ਸ਼ਹਿਰ ਦੇ ਵਾਰਡ-12 ’ਚ ਵਾਪਰੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਜਿਕਰ ਯੋਗ ਹੈ ਕਿ 3 ਜਨਵਰੀ ਦੀ ਰਾਤ ਨੂੰ ਵਾਪਰੀ ਇਸ ਘਟਨਾ ਵਿਚ ਕ੍ਰਿਸ਼ਨ ਕੁਮਾਰ ਨੀਟਾ ਪੁੱਤਰ ਜਗਦੀਸ਼ ਰਾਏ ਦੀ ਮੌਤ ਹੋ ਗਈ ਸੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਤਹਿ ਤਕ ਜਾਣ ਤੇ ਹੋਰ ਸੁਰਾਗ ਲਾਉਣ ਲਈ ਅਦਾਲਤ ਤੋਂ ਰਿਮਾਂਡ ਹਾਸਲ ਕਰ ਲਿਆ ਹੈ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ 3 ਜਨਵਰੀ ਦੀ ਰਾਤ 10 ਵਜੇ ਤਿੰਨ ਵਿਅਕਤੀ ਕ੍ਰਿਸ਼ਨ ਕੁਮਾਰ ਨੀਟਾ ਦੇ ਘਰ ਵਿਚ ਦਾਖਲ ਹੋਏ ਸਨ। ਉਨ੍ਹਾਂ ਨੇ ਲੁੱਟ ਮਾਰ ਦੀ ਨੀਅਤ ਨਾਲ ਮ੍ਰਿਤਕ ਨਾਲ ਜ਼ਬਰਦਸਤੀ ਕੀਤੀ ਤੇ ਉਸਦਾ ਮੂੰਹ ਸਰਾਣੇ ਨਾਲ ਬੰਦ ਕਰ ਲਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਘਰ ਵਿਚ ਲੁੱਟ ਖੋਹ ਕਰਨ ਉਪਰੰਤ ਦੋਸ਼ੀ ਫ਼ਰਾਰ ਹੋ ਗਏ ਸਨ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਦੋਸ਼ੀਆਂ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਮਹੱਤਵਪੂਰਨ ਸੁਰਾਗ ਮਿਲਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਕਰ ਰਹੀ ਹੈ। ਜਲਦੀ ਹੀ ਇਸ ਸਬੰਧੀ ਹੋਰ ਅਹਿਮ ਖੁਲਾਸੇ ਕੀਤੇ ਜਾਣਗੇ।