ਭਾਜਪਾਈਆਂ ਨੇ ਬਿਜਲਈ ਸਕੂਟਰੀਆਂ ’ਤੇ ਕੱਢੀ ਵਿਲੱਖਣ ਰੈਲੀ
ਭਾਜਪਾਈਆਂ ਨੇ ਬਿਜਲਈ ਸਕੂਟਰੀਆਂ ਤੇ ਕੱਢੀ ਵਿਲੱਖਣ ਰੈਲੀ
Publish Date: Thu, 11 Jun 2026 04:41 PM (IST)
Updated Date: Fri, 12 Jun 2026 04:06 AM (IST)

-ਲੋਕਾਂ ਨੂੰ ਤੇਲ ਬਚਾਉਣ ਦਾ ਦਿੱਤਾ ਸੱਦਾ -ਮੋਦੀ ਹਕੂਮਤ ਦੇ 12 ਸਾਲ ਪੂਰੇ ਹੋਣ ’ਤੇ ਜਸ਼ਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਹਕੂਮਤ ਦੇ 12 ਸਾਲ ਪੂਰੇ ਹੋਣ ਦੇ ਜਸ਼ਨ ’ਚ ਭਾਜਪਾ ਜ਼ਿਲ੍ਹਾ ਸੰਗਰੂਰ-2 ਵੱਲੋਂ ਆਪਣੀ ਕਿਸਮ ਦੀ ਪਹਿਲੀ ਵਿਲੱਖਣ ਇਲੈਕਟ੍ਰਿਕ ਦੋਪਹੀਆ ਰੈਲੀ ਦਾ ਆਯੋਜਨ ਕੀਤਾ ਗਿਆ। ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸ਼ਰਮਾ ਦੀ ਸਰਗਰਮ ਭਾਗੀਦਾਰੀ ਨਾਲ ਬਾਜਵਾ ਫ਼ਾਰਮ ਤੋਂ ਸ਼ੁਰੂ ਹੋਈ ਇਲੈਕਟ੍ਰਿਕ ਦੋ ਪਹੀਆ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਮਾਤਾ ਮੋਦੀ ਚੌਕ ਵਿਖੇ ਸੰਪੰਨ ਹੋਈ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜ ਦੌਰਾਨ ਮੁਲਕ ਸ਼ਕਤੀਸ਼ਾਲੀ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਦੇਸ਼ ਦੀ ਜਨਤਾ ਵੱਲੋਂ ਮੋਦੀ ਦੀ ਅਗਵਾਈ, ਨੀਤੀਆਂ ਅਤੇ ਵਿਕਾਸ ਦੇ ਏਜੰਡੇ ਉੱਤੇ ਪ੍ਰਗਟਾਏ ਗਏ ਲਗਾਤਾਰ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਉਣ ਲਈ ਹੀ ਭਾਜਪਾ ਦੀ ਜ਼ਿਲ੍ਹਾ ਸੰਗਰੂਰ -2 ਇਕਾਈ ਵੱਲੋਂ ਇਹ ਵਿਲੱਖਣ ਇਲੈਕਟ੍ਰਿਕ ਦੋਪਹੀਆ ਰੈਲੀ ਆਯੋਜਿਤ ਕੀਤੀ ਗਈ। ਇਲੈਕਟ੍ਰਿਕ ਰੈਲੀ ਕਰਕੇ ਲੋਕਾਂ ਨੂੰ ਤੇਲ ਬਚਾਉਣ ਦਾ ਸੱਦਾ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਮੋਦੀ ਸਰਕਾਰ ਨੇ ਦੇਸ਼ ਦੇ ਵਿਕਾਸ ਲਈ ਲੱਖਾਂ ਇਤਿਹਾਸਕ ਪ੍ਰੋਜੈਕਟ ਪੂਰੇ ਕੀਤੇ ਹਨ। ਸੁਨਾਮ-ਉਧਮ ਸਿੰਘ ਵਾਲਾ ਵਿਖੇ 8 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਨਵਾਂ ਅੰਡਰਬ੍ਰਿਜ ਇਸ ਵਿਕਾਸ ਦੀ ਇੱਕ ਪ੍ਰਮੁੱਖ ਮਿਸਾਲ ਹੈ। ਇਸੇ ਤਰ੍ਹਾਂ ਵਾਰਡ ਨੰਬਰ 20 (ਪੁਰਾਣਾ ਵਾਰਡ ਨੰਬਰ 13) ਵਿੱਚ ਬਣ ਰਿਹਾ ਵਾਟਰ ਰੀਜੂਵੇਨੇਸ਼ਨ ਪਾਰਕ, ਜਿਸ ਦੀ ਲਾਗਤ ਦਾ ਲਗਭਗ ਅੱਧਾ ਹਿੱਸਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦਿੱਤਾ ਗਿਆ ਹੈ, ਸ਼ਹਿਰ ਦੇ ਵਿਕਾਸ ਅਤੇ ਵਾਤਾਵਰਣ ਸੰਭਾਲ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗਾਂ, ਰੇਲਵੇ ਬੁਨਿਆਦੀ ਢਾਂਚੇ, ਆਧੁਨਿਕ ਆਵਾਜਾਈ ਪ੍ਰਣਾਲੀਆਂ ਅਤੇ ਹੋਰ ਅਣਗਿਣਤ ਵਿਕਾਸ ਕਾਰਜਾਂ ਨੇ ਭਾਰਤ ਦੀ ਤਸਵੀਰ ਬਦਲਣ ਦਾ ਕੰਮ ਕੀਤਾ ਹੈ। ਸੁਨਾਮ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦੀ ਟਿਕਟ ’ਤੇ ਜਿੱਤ ਹਾਸਲ ਕਰਨ ਵਾਲੀਆਂ ਕੌਂਸਲਰ ਮੋਨਿਕਾ ਗੋਇਲ ਅਤੇ ਕੌਂਸਲਰ ਮੀਨਾ ਰਾਣੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਦਾਅਵਾ ਕੀਤਾ ਕਿ ਇਹ ਪਹਿਲ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਪੂਰੀ ਤਰ੍ਹਾਂ ਇਲੈਕਟ੍ਰਿਕ ਦੋਪਹੀਆ ਰੈਲੀ ਪਹਿਲਾਂ ਨਹੀਂ ਕੱਢੀ ਗਈ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਕੌਂਸਲਰ ਮੋਨਿਕਾ ਗੋਇਲ, ਮੀਨਾ ਰਾਣੀ, ਸ਼ੇਰ ਵਿੰਦਰ ਸਿੰਘ ਧਾਲੀਵਾਲ, ਹਿੰਮਤ ਸਿੰਘ ਬਾਜਵਾ, ਸੰਜੇ ਗੋਇਲ, ਸ਼ੰਕਰ ਬਾਂਸਲ, ਰਿੰਕੂ ਆਲਮਪੁਰੀਆ,ਡਾਕਟਰ ਜਗਮਹਿੰਦਰ ਸੈਣੀ, ਨਵਾਬ ਨਾਗਰਾ, ਅਸ਼ੋਕ ਗੋਇਲ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।