ਬੇਅਦਬੀਆਂ ਸਬੰਧੀ ਕਾਨੂੰਨ ਨਾ ਬਣਾਉਣ ’ਤੇ ਭਾਜਪਾ ਆਗੂਆਂ ਦਾ ਕੀਤਾ ਵਿਰੋਧ
ਬੇਅਦਬੀਆਂ ਸਬੰਧੀ ਕਾਨੂੰਨ ਨਾ ਬਣਾਉਣ ਕਰਕੇ ਬੀਜੇਪੀ ਦੇ ਆਗੂਆਂ ਦਾ ਕੀਤਾ ਵਿਰੋਧ
Publish Date: Sat, 21 Mar 2026 09:32 PM (IST)
Updated Date: Sat, 21 Mar 2026 09:34 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਟਾਵਰ ਮੋਰਚੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਚ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ ਦੀ ਸੰਗਤ ਵੱਲੋਂ ਸਮਾਣਾ ਵਿੱਚ ਭਾਜਪਾ ਵੱਲੋਂ ਪਾੜਤਾ ਰੋਡ ’ਤੇ ਇੱਕ ਪੈਲੇਸ ਵਿੱਚ ਰੱਖੀ ਗਈ ਰੈਲੀ ਵਿਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਇਲਾਵਾ ਭਾਜਪਾ ਦੀ ਉੱਚ ਲੀਡਰਸ਼ਿਪ ਆਗੂਆਂ ਦਾ ਵਿਰੋਧ ਕੀਤਾ ਹੈ। ਧਰਮ ਯੁੱਧ ਮੋਰਚੇ ਦੇ ਆਗੂਆਂ ਵੱਲੋਂ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਹੁਣ ਤੱਕ ਕੋਈ ਕਾਨੂੰਨ ਨਾ ਬਣਾਏ ਜਾਣ ਕਰ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਜਿਸ ਕਾਰਨ ਜਿੱਥੇ ਪਿਛਲੇ 17 ਮਹੀਨਿਆਂ ਤੋਂ ਵੱਧ ਸਮੇਂ ਤੋਂ ਗੁਰਜੀਤ ਸਿੰਘ ਫੌਜੀ ਉੱਚੇ ਟਾਵਰ ’ਤੇ ਚੜ੍ਹੇ ਹੋਏ ਹਨ। ਉੱਥੇ ਹੀ ਸੁੱਤੀਆਂ ਪਈਆਂ ਸਰਕਾਰਾਂ ਨੂੰ ਕਾਨੂੰਨ ਬਣਾਉਣ ਲਈ ਜਗਾਉਣ ਖਾਤਰ ਪਿਛਲੇ ਤਿੰਨ ਹਫ਼ਤਿਆਂ ਤੋਂ ਚੌਕ ਵਿੱਚ ਧਰਨਾ ਜਾਰੀ ਹੈ। ਸ਼ਨਿਚਰਵਾਰ ਨੂੰ ਇੱਕ ਵਾਰ ਫਿਰ ਰੈਲੀ ਕਰਨ ਆਏ ਭਾਜਪਾ ਆਗੂਆਂ ਦਾ ਬੇਅਦਬੀਆਂ ਸਬੰਧੀ ਕਾਨੂੰਨ ਨਾ ਬਣਾਉਣ ਸਬੰਧੀ ਸਖ਼ਤ ਵਿਰੋਧ ਕੀਤਾ ਗਿਆ। ਧਰਨਾ ਸਥਾਨ ਤੋਂ ਥੋੜ੍ਹੀ ਦੂਰੀ ’ਤੇ ਇੱਕ ਪੈਲੇਸ ਵਿੱਚ ਰੱਖੀ ਰੈਲੀ ਵਿਚ ਪਹੁੰਚਣ ਲਈ ਸੰਗਤ ਨੇ ਕੋਸ਼ਿਸ਼ ਕੀਤੀ ਤਾਂ ਪੁਲਿਸ ਦੀ ਸਖ਼ਤ ਨਾਕੇਬੰਦੀ ਹੋਣ ਕਰ ਕੇ ਰੈਲੀ ਸਥਾਨ ਤੱਕ ਕਿਸੇ ਨੂੰ ਵੀ ਨਹੀਂ ਪੁੱਜਣ ਦਿੱਤਾ। ਜਿਸ ਕਰ ਕੇ ਇਕੱਠੀਆਂ ਹੋਈਆਂ ਸੰਗਤਾਂ ਨੇ ਆਏ ਲੀਡਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਾਨੂੰਨ ਨਾ ਬਣਾਏ ਜਾਣ ਦਾ ਰੋਸ ਜਤਾਇਆ।