ਮਹਿਲਾ ਰਾਖਵਾਂਕਰਨ ’ਤੇ ਭਾਜਪਾ ਕਰ ਰਹੀ ਕੂੜ ਪ੍ਰਚਾਰ : ਰਾਜਿੰਦਰ ਦੀਪਾ
ਮਹਿਲਾ ਰਾਖਵਾਂਕਰਨ ਤੇ ਭਾਜਪਾ ਕਰ ਰਹੀ ਕੂੜ ਪ੍ਰਚਾਰ: ਰਾਜਿੰਦਰ ਦੀਪਾ
Publish Date: Tue, 21 Apr 2026 06:05 PM (IST)
Updated Date: Wed, 22 Apr 2026 04:05 AM (IST)

ਕਿਹਾ: ਸੂਬਾ ਸਰਕਾਰ ਦਾ ਝੂਠ ਤੇ ਫ਼ਰੇਬ ਵੀ ਬੇਨਕਾਬ ਕਰਨਗੇ ਲੋਕ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਭਾਜਪਾ ਦੇ ਕੂੜ ਪ੍ਰਚਾਰ ਨੂੰ ਗੁੰਮਰਾਹਕੁੰਨ ਕ਼ਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਹਿਲਾਵਾਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਰਹੀ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਗੱਲਬਾਤ ਕਰਦਿਆਂ ਰਾਜਿੰਦਰ ਦੀਪਾ ਨੇ ਆਖਿਆ ਕਿ ਭਾਜਪਾ ਮਹਿਲਾ ਰਾਖਵਾਂਕਰਨ ਬਿੱਲ ਦੀ ਆੜ ਹੇਠ ਮੁਲਕ ਅੰਦਰ ਹਲਕਿਆਂ ਦੀ ਗਿਣਤੀ ’ਚ ਵਾਧਾ ਕਰਨ ਲਈ ਸੰਵਿਧਾਨ ’ਚ ਸੋਧਾਂ ਕਰਵਾ ਰਹੀ ਸੀ। ਉਨ੍ਹਾਂ ਆਖਿਆ ਕਿ ਹਲਕਿਆਂ ਦੀ ਗਿਣਤੀ ’ਚ ਵਾਧਾ ਕਰਕੇ ਛੋਟੇ ਸੂਬਿਆਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਇਸ਼ਤਿਹਾਰਬਾਜ਼ੀ ਤੇ ਖੋਖਲੇ ਦਾਅਵਿਆਂ ਦੇ ਬਜਾਏ, ਔਰਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਹਕੀਕਤ ’ਚ ਦੇਣ ਲਈ ਕੰਮ ਕਰੇ। ਕਾਂਗਰਸ ਹਮੇਸ਼ਾ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਦੀ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਕਾਂਗਰਸ ਆਗੂਆਂ ਰਾਜਿੰਦਰ ਦੀਪਾ, ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਅਤੇ ਸੁਰਿੰਦਰ ਸਿੰਘ ਭਰੂਰ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਨੌਕਰੀਆਂ ਦੇਣ ਦੇ ਮਾਮਲੇ ’ਚ ਕੋਰਾ ਝੂਠ ਬੋਲਿਆ ਜਾ ਰਿਹਾ ਹੈ। ਮਗਰਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਨੌਕਰੀਆਂ ਨੂੰ ਮੁੱਖ ਮੰਤਰੀ ਸਟੇਜਾਂ ਤੋਂ ਆਪਣੀ ਸਰਕਾਰ ਦੁਆਰਾ ਦਿੱਤੀਆਂ ਜਾਣ ਦਾ ਪ੍ਰਚਾਰ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਆਖਿਆ ਕਿ ਸੂਬੇ ਦੀ ਜਨਤਾ ਆਗਾਮੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਤੋਂ ਹਿਸਾਬ ਮੰਗਣਗੇ। ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸੂਬੇ ਅੰਦਰ ਕਾਨੂੰਨ ਵਿਵਸਥਾ ਬਿਲਕੁਲ ਬਿਗੜ ਚੁੱਕੀ ਹੈ। ਨਿੱਤ ਦਿਨ ਕਤਲ ਡਕੈਤੀਆਂ ਹੋ ਰਹੀਆਂ ਹਨ। ਜਨਤਾ ਆਪਣੇ ਆਪ ਨੂੰ ਅਸੁਰੱਖਿਆ ਮਹਿਸੂਸ ਕਰ ਰਹੀ ਹੈ।