‘ਆਪ’ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਹੋਇਆ ਬੇਨਕਾਬ : ਜੈ ਇੰਦਰ ਕੌਰ
ਨੌਜਵਾਨਾਂ 'ਤੇ ਲਾਠੀਚਾਰਜ ਕਰਨਾ ‘ਆਪ’ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਹੋਇਆ ਬੇਨਕਾਬ: ਜੈ ਇੰਦਰ ਕੌਰ
Publish Date: Sat, 06 Jun 2026 05:45 PM (IST)
Updated Date: Sat, 06 Jun 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਵਿਖੇ ਪੀਐੱਸਪੀਸੀਐੱਲ (ਬਿਜਲੀ ਬੋਰਡ) ਦੇ ਮੁੱਖ ਦਫ਼ਤਰ ਬਾਹਰ ਆਪਣੇ ਹੱਕਾਂ ਅਤੇ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਆਈਟੀਆਈ ਪਾਸ ਨੌਜਵਾਨਾਂ ਤੇ ਪੁਲਿਸ ਵੱਲੋਂ ਕੀਤੇ ਗਏ ਬੇਰਹਿਮ ਲਾਠੀਚਾਰਜ ਦੀ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਅੱਜ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਸਮੁੱਚੀ ਜ਼ਿਲ੍ਹਾ ਪਟਿਆਲਾ ਭਾਜਪਾ ਟੀਮ ਦੇ ਨਾਲ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਲਾਠੀਚਾਰਜ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਨੌਜਵਾਨਾਂ ਦਾ ਹਾਲ-ਚਾਲ ਜਾਣਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਦੱਸਿਆ ਕਿ 2600 ਲਾਈਨਮੈਨ ਅਪ੍ਰੈਂਟਿਸਸ਼ਿਪ ਆਲ ਪੰਜਾਬ ਯੂਨੀਅਨ ਦੇ ਨੌਜਵਾਨ ਬੀਤੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਬਾਹਰ ਸ਼ਾਂਤਮਈ ਧਰਨਾ ਦੇ ਰਹੇ ਸਨ। ਇਹ ਸਾਰੇ ਨੌਜਵਾਨ ਬੋਰਡ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਬਜਾਏ ਵਾਰ-ਵਾਰ ਲਟਕਾਇਆ ਜਾ ਰਿਹਾ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ। ਇਸ ਦੌਰਾਨ ਬਿਜਲੀ ਬੋਰਡ ਦੇ ਬਾਹਰ ਚੱਲ ਰਹੇ ਧਰਨੇ ਵਿਚ ਸ਼ਾਮਲ ਹੋ ਕੇ ਜੈ ਇੰਦਰ ਕੌਰ ਨੇ ਮੌਕੇ ਤੋਂ ਹੀ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨਾਲ ਫ਼ੋਨ ਤੇ ਗੱਲਬਾਤ ਕੀਤੀ ਅਤੇ ਪੁਲਿਸ ਹਿਰਾਸਤ ਵਿਚ ਲਏ ਗਏ ਯੂਨੀਅਨ ਆਗੂਆਂ ਤੇ ਨੌਜਵਾਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਲਈ ਕਿਹਾ। ਇਸ ਮੌਕੇ ਭਾਜਪਾ ਆਗੂਆ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ-ਵੱਡੇ ਦਾਅਵੇ ਕਰਦੇ ਸਨ ਕਿ ਪੰਜਾਬ ਵਿਚ ਕਿਸੇ ਵੀ ਵਰਗ ਨੂੰ ਧਰਨਾ ਨਹੀਂ ਲਾਉਣਾ ਪਵੇਗਾ ਅਤੇ ਨਾ ਹੀ ਕਿਸੇ ਤੇ ਲਾਠੀਚਾਰਜ ਹੋਵੇਗਾ। ਉਨ੍ਹਾਂ ਸਵਾਲ ਕੀਤਾ, ਕੀ ਪਟਿਆਲਾ ਵਿਚ ਨਿਹੱਥੇ ਰੁਜ਼ਗਾਰ ਮੰਗਦੇ ਨੌਜਵਾਨਾਂ ਦੇ ਸਿਰ ਪਾੜਨਾ ਹੀ ਭਗਵੰਤ ਮਾਨ ਦਾ ‘ਰੰਗਲਾ ਪੰਜਾਬ’ ਦਾ ਵਿਜ਼ਨ ਸੀ?। ਜੈ ਇੰਦਰ ਕੌਰ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਹਸਪਤਾਲ ਵਿਚ ਜ਼ਖ਼ਮੀ ਨੌਜਵਾਨਾਂ ਦਾ ਕੋਈ ਵਿਸ਼ੇਸ਼ ਧਿਆਨ ਨਹੀਂ ਰੱਖਿਆ ਜਾ ਰਿਹਾ। ਉਲਟਾ, ਪ੍ਰਸ਼ਾਸਨਿਕ ਦਬਾਅ ਹੇਠ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਤੋਂ ਧੱਕੇ ਨਾਲ ਛੁੱਟੀ ਦਿੱਤੀ ਜਾ ਰਹੀ ਹੈ, ਤਾਂ ਜੋ ਲਾਠੀਚਾਰਜ ਦੀ ਗੰਭੀਰਤਾ ਨੂੰ ਛੁਪਾਇਆ ਜਾ ਸਕੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਨਾ ਹੋਵੇ। ਅਖੀਰ ਵਿਚ ਜੈ ਇੰਦਰ ਕੌਰ ਨੇ ਸਮੁੱਚੀ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।