ਬ੍ਰਿਗੇਡੀਅਰ ਢਿੱਲੋਂ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦਾ ਦੌਰਾ
ਬ੍ਰਿਗੇਡੀਅਰ ਭੁਪਿੰਦਰ ਢਿੱਲੋ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਦਾ ਕੀਤਾ ਦੌਰਾ
Publish Date: Fri, 06 Feb 2026 05:48 PM (IST)
Updated Date: Fri, 06 Feb 2026 05:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ, ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ (ਰਿਟਾ.) ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਦਾ ਦੌਰਾ ਕੀਤਾ ਗਿਆ। ਦੌਰੇ ਦੇ ਦੌਰਾਨ ਉਨ੍ਹਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ। ਬ੍ਰਿਗੇਡੀਅਰ ਢਿੱਲੋਂ ਵੱਲੋਂ ਯੋਗ ਲਾਭਪਾਤਰੀ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦੇ ਚੈੱਕ ਵੰਡੇ ਗਏ। ਇਸ ਮੌਕੇ ਉਨ੍ਹਾਂ ਦਫਤਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ। ਦੌਰੇ ਦੌਰਾਨ ਉਨ੍ਹਾਂ ਦਫਤਰ ਵਿੱਚ ਚੱਲ ਰਹੇ ਸੈਨਿਕ ਵੋਕੇਸ਼ਨਲ ਸੈਂਟਰ ਦਾ ਮੁਆਇਨਾ ਕੀਤਾ, ਜਿੱਥੇ ਕੰਪਿਊਟਰ ਕੋਰਸ ਅਤੇ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਲੈ ਰਹੇ ਯੁਵਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸੈਨਿਕ ਰੈਸਟ ਹਾਊਸ ਦਾ ਵੀ ਦੌਰਾ ਕਰਕੇ ਉਥੋਂ ਦੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ ਨੇ ਦਫਤਰ ਦੀ ਕੁੱਲ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਸਮੂਹ ਸਟਾਫ ਦੀ ਹੌਸਲਾ ਅਫਜ਼ਾਈ ਕੀਤੀ।