ਸ਼ੇਖੂਪੁਰਾ ਵਿਖੇ ਭੁਪਿੰਦਰ ਸਿੰਘ ਦੇ ਗ੍ਰਹਿ ’ਚ ਸਹਿਜ ਪਾਠ ਦੇ ਭੋਗ
ਸ਼ੇਖੂਪੁਰਾ ਵਿਖੇ ਭੁਪਿੰਦਰ ਸਿੰਘ ਦੇ ਗ੍ਰਹਿ ‘ਚ ਸਹਿਜ ਪਾਠ ਦੇ ਭੋਗ
Publish Date: Thu, 01 Jan 2026 04:21 PM (IST)
Updated Date: Thu, 01 Jan 2026 04:23 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪਿੰਡ ਸ਼ੇਖੂਪੁਰਾ ਵਿਖੇ ਭੁਪਿੰਦਰ ਸਿੰਘ ਦੇ ਗ੍ਰਹਿ ਵਿਖੇ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕ ਮਹੀਨੇ ਦੇ ਅੰਦਰ ਸ਼ੇਖੂਪੁਰਾ ਵੱਲੋਂ ਖੁਦ ਕੀਤੇ ਗਏ ਸਹਿਜ ਪਾਠ ਦੇ ਭੋਗ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਪਾਏ ਗਏ।ਭੋਗ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਧਾਰਮਿਕ ਸਮਾਗਮ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਲਾਲ ਸਿੰਘ ਮਰਦਾਂਪੁਰ, ਹਰਵਿੰਦਰ ਸਿੰਘ ਕਾਮੀ, ਕਪਤਾਨ ਸਿੰਘ ਚਮਾਰੂ, ਬਲਜਿੰਦਰ ਸਿੰਘ ਪਰਵਾਨਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਮੌਜੂਦਾ ਰਾਜਨੀਤਿਕ ਤੇ ਸਮਾਜਿਕ ਸਥਿਤੀ ’ਤੇ ਗਹਿਰੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸੰਕਟ ਦੀ ਸਥਿਤੀ ’ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਮਲਾਹਾਂ ਅਤੇ ਕਪਤਾਨਾਂ ਨੂੰ ਚਾਰ ਸਾਲ ਪਹਿਲਾਂ ਪੰਜਾਬ ਦੀ ਬਾਗਡੋਰ ਸੌਂਪੀ ਗਈ ਸੀ, ਉਹ ਸੂਝ-ਬੂਝ ਨਾਲ ਰਾਜ ਚਲਾਉਣ ਵਿਚ ਅਸਫਲ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅੱਜ ਭਾਰਤ ਦੀ ਰਾਜਨੀਤੀ ਪਰੋਕਸ਼ ਤੌਰ ’ਤੇ ਵਪਾਰੀਆਂ ਦੇ ਹੱਥਾਂ ਵਿਚ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਆਮ ਲੋਕਾਂ ਦਾ ਕਚੂੰਬਰ ਬਣ ਰਿਹਾ ਹੈ ਅਤੇ ਵਿਦੇਸ਼ ਨੀਤੀ ਵੀ ਨਾਕਾਮ ਸਾਬਤ ਹੋਈ ਹੈ। ਸਮਾਗਮ ਦੇ ਅੰਤ ‘ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿਚ ਸੰਗਤ ਨੇ ਭਾਗ ਲਿਆ।