ਅੱਜ ਭੋਗ ’ਤੇ ਵਿਸ਼ੇਸ਼
ਪਾਰਟੀ ਦੇ ਵਫਾਦਾਰ ਸਿਪਾਹੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਵਾਲੇ ਲੀਡਰ ਸਨ : ਸਰਦਾਰ ਲਾਲ ਸਿੰਘ
Publish Date: Thu, 09 Apr 2026 06:58 PM (IST)
Updated Date: Fri, 10 Apr 2026 04:14 AM (IST)

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਵਾਲੇ ਲੀਡਰ ਸਨ ਸ. ਲਾਲ ਸਿੰਘ ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਇਸ ਦੁਨੀਆ ’ਤੇ ਜੋ ਵੀ ਇਨਸਾਨ ਆਇਆ ਹੈ, ਉਸ ਨੇ ਇਕ ਨਾ ਇਕ ਦਿਨ ਇਸ ਰੰਗਲੀ ਦੁਨੀਆ ਤੋਂ ਰੁਖ਼ਸਤ ਹੋ ਜਾਣਾ ਹੈ ਪਰ ਸਮਾਜ ’ਚ ਕਈ ਅਜਿਹੀਆਂ ਸ਼ਖ਼ਸੀਅਤਾਂ ਜਨਮ ਲੈਂਦੀਆਂ ਹਨ, ਜਿਨ੍ਹਾਂ ਵੱਲੋਂ ਸਮਾਜ ਸੇਵਾ ਲਈ ਕੀਤੇ ਕੰਮਾਂ ਲਈ ਉਹ ਜਿੱਥੇ ਅਮਰ ਹੋ ਜਾਂਦੇ ਹਨ ਉੱਥੇ ਰਹਿੰਦੀ ਦੁਨੀਆ ਤੱਕ ਲੋਕ ਉਨ੍ਹਾਂ ਦਾ ਨਾਂ ਬਡ਼ੇ ਆਦਰ ਤੇ ਸਤਿਕਾਰ ਨਾਲ ਲੈਂਦੇ ਰਹਿੰਦੇ ਹਨ। ਮਰਹੂਮ ਸਰਦਾਰ ਲਾਲ ਸਿੰਘ ਵੀ ਇਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਲੋਕ ਸੇਵਾ ਨਾਲ ਰਾਜਨੀਤੀ ਦੇ ਖੇਤਰ ਵਿਚ ਆਪਣੇ ਪਰਿਵਾਰ ਦਾ ਨਾਮ ਟੀਸੀ ’ਤੇ ਪਹੁੰਚਾਇਆ ਹੈ, ਉੱਥੇ ਹੀ ਆਪਣੀ ਕਾਂਗਰਸ ਪਾਰਟੀ ਲਈ ਉਹ ਸਦਾ ਥੰਮ੍ਹ ਦਾ ਕੰਮ ਕਰਦੇ ਸਨ। ‘ਲਾਲ’ ਸ਼ਬਦ ਪੰਜਾਬੀ ਅਤੇ ਹਿੰਦੀ ਵਿਚ ਆਪਣੇ ਦੇਸ਼, ਕੁਲ, ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਲੇ ਦੇ ਨਾਲ ਜੁਡ਼ਦਾ ਹੈ। ਭਾਰਤ ਮਾਂ ਦਾ ਲਾਲ, ਗੁਦਡ਼ੀ ਦਾ ਲਾਲ, ਮਾਂ ਦਾ ਲਾਲ ਅਜਿਹੇ ਸ਼ਬਦ ਅਸੀਂ ਪੰਜਾਬੀ ਲਿਟਰੇਚਰ ਵਿਚ ਪਡ਼੍ਹਦੇ ਰਹੇ ਹਾਂ। ਜਦੋਂ ਸਰਦਾਰ ਲਾਲ ਸਿੰਘ ਜੀ ਦਾ ਜਨਮ 24 ਜਨਵਰੀ 1942 ਨੂੰ ਮਾਤਾ ਭਾਗਵੰਤ ਕੌਰ ਜੀ ਦੀ ਕੁਖੋਂ ਪਟਿਆਲਾ ਨਜ਼ਦੀਕ ਪੈਂਦੇ ਪਿੰਡ ਅਸਰਪੁਰ ਵਿਖੇ ਹੋਇਆ। ਉਨ੍ਹਾਂ ਦਾ ਨਾਂ ਲਾਲ ਸਿੰਘ ਰੱਖਿਆ ਗਿਆ ਅਤੇ ਉਨ੍ਹਾਂ ਆਪਣੇ ਜੀਵਨ ਵਿਚ ਆਪਣੇ ਨਾਮ ਅਨੁਸਾਰ ਸਫਲਤਾ ਨਾਲ ਜੀਅ ਕੇ ਆਪਣੇ ਪਰਿਵਾਰ, ਆਪਣੇ ਵਿਧਾਨ ਸਭਾ ਹਲਕੇ, ਆਪਣੇ ਪੰਜਾਬ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਦੇ ਪਿਤਾ ਸ. ਸੁੰਦਰ ਸਿੰਘ ਇਕ ਸਧਾਰਨ ਕਿਸਾਨ ਸਨ। ਸ. ਲਾਲ ਸਿੰਘ ਜੀ ਅੱਠ ਭੈਣ ਭਰਾ ਸਨ। ਉਹ ਆਪਣੇ ਦੂਸਰੇ ਭਰਾਵਾਂ ਗੋਪਾਲ ਸਿੰਘ, ਦਮੋਦਰ ਸਿੰਘ ਅਤੇ ਸੋਮਪਾਲ ਸਿੰਘ ਵਿਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦੇ ਦੋ ਬੱਚੇ ਸਪੁੱਤਰ ਰਾਜਿੰਦਰ ਸਿੰਘ ਜੋ ਕਿ ਵਿਧਾਨ ਸਭਾ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਦੀ ਸਪੁੱਤਰੀ ਰੁਪਿੰਦਰ ਕੌਰ ਸਮਾਜ ਸੇਵਾ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੀ ਨੂੰਹ ਬੀਬਾ ਰਵਿੰਦਰ ਕੌਰ ਪੰਜਾਬ ਪਬਲਿਕ ਸਰਵਿਸਜ਼ ਕਮਿਸ਼ਨ ਪੰਜਾਬ ਦੇ ਮੈਂਬਰ ਰਹਿ ਚੁੱਕੇ ਹਨ ਜੋ ਕਿ ਰਾਜਨੀਤੀ ਦੇ ਖੇਤਰ ਵਿਚ ਆਪਣੇ ਪਤੀ ਰਾਜਿੰਦਰ ਸਿੰਘ ਨਾਲ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਲਾਲ ਸਿੰਘ ਨੇ ਇਕ ਵਾਰ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਪਿੱਛੇ ਮੁਡ਼ ਕੇ ਨਹੀਂ ਦੇਖਿਆ ਅਤੇ ਲਗਾਤਾਰ 8 ਵਿਧਾਨ ਸਭਾ ਚੋਣਾਂ ਇਕੋ ਹਲਕੇ ਤੋਂ ਲਡ਼ੀਆਂ। 6 ਵਾਰ ਸਾਲ 1977, 1980, 1992, 2002, 2007 ਅਤੇ 2012 ਵਿਚ ਪੰਜਾਬ ਵਿਧਾਨ ਸਭਾ ਵਿਚ ਪਹੁੰਚੇ ਅਤੇ ਲਗਭਗ 15 ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਪੰਜਾਬ ਦੀ ਰਾਜਨੀਤੀ ਵਿਚ ਸਭ ਤੋਂ ਵੱਡੇ ਵਿਭਾਗ ਵਿੱਤ, ਯੋਜਨਾ, ਪੇਂਡੂ ਵਿਕਾਸ ਤੇ ਪੰਚਾਇਤ, ਸਿੰਚਾਈ, ਸਹਿਕਾਰਤਾ, ਸਿਹਤ ਤੇ ਪਰਿਵਾਰ ਭਲਾਈ, ਬਿਜਲੀ, ਫੂਡ ਐਂਡ ਸਿਵਲ ਸਪਲਾਈ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਆਪਣੇ ਸ਼ੁਰੂਆਤ ਰਾਜਨੀਤਕ ਜੀਵਨ ਵਿਚ ਉਹ ਪਨਸਪ ਦੇ ਚੇਅਰਮੈਨ ਰਹੇ ਅਤੇ ਆਖਰੀ ਰਾਜਨੀਤਕ ਜੀਵਨ ਵਿਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ। ਜਿਸ ਤਰ੍ਹਾਂ ਦੀ ਮੌਜੂਦਾ ਰਾਜਨੀਤੀ ਗੰਦਲੀ ਹੋ ਗਈ ਹੈ ਅਤੇ ਚਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਸ ਰਾਜਨੀਤੀ ਤੋਂ ਸ. ਲਾਲ ਸਿੰਘ ਬਿਲਕੁਲ ਦੂਰ ਸਨ। ਇਹੀ ਕਾਰਨ ਹੈ ਕਿ ਉਹ ਆਪਣੀ ਚਿੱਟੀ ਚਾਦਰ ਲੈ ਕੇ ਗਏ ਹਨ। ਪੰਜਾਬ ਦੀ ਰਾਜਨੀਤੀ ਵਿਚ ਜਿਸ ਤਰ੍ਹਾਂ ਦਾ ਸਤਿਕਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਅਤੇ ਮਰਹੂਮ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੂੰ ਮਿਲਿਆ ਹੈ, ਉਹ ਜਿਹਾ ਸਤਿਕਾਰ ਸਰਦਾਰ ਲਾਲ ਸਿੰਘ ਦੇ ਹਿੱਸੇ ਆਇਆ ਹੈ। ਦੇਵੀਗਡ਼੍ਹ ਇਲਾਕੇ ਵਿਚ ਉਚ ਸਿੱਖਿਆ ਲਈ ਮੀਰਾਂਪੁਰ ਵਿਖੇ ਸਰਕਾਰੀ ਕਾਲਜ ਬਣਾਇਆ, ਪਿੰਡਾਂ ਨੂੰ ਕਰੋਡ਼ਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ। ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ, ਪਰਚਾ ਰਾਜਨੀਤੀ ਤੋਂ ਦੂਰ ਰਹੇ, ਕਦੇ ਵੀ ਸਿਆਸੀ ਬਦਲਾਖੋਰੀ ਦੇ ਤਹਿਤ ਆਪਣੇ ਵਿਰੋਧੀਆਂ ’ਤੇ ਪਰਚਾ ਨਹੀਂ ਕਰਵਾਇਆ। ਇਸੇ ਕਾਰਨ ਚੋਣਾਂ ਸਮੇਂ ਅਕਾਲੀ ਦਲ ਦੇ ਵਰਕਰ ਵੀ ਉਨ੍ਹਾਂ ਨੂੰ ਵੋਟਾਂ ਪਾ ਦਿੰਦੇ ਸਨ। ਸ. ਲਾਲ ਸਿੰਘ ਇਕ ਅਜਿਹੇ ਰਾਜਸੀ ਅਤੇ ਨਿਰਵਿਵਾਦਿਤ ਨੇਤਾ ਸਨ ਜਿਸ ਕਾਰਨ ਸਾਰੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਅੰਦਰ ਉਨ੍ਹਾਂ ਪ੍ਰਤੀ ਪੂਰਾ ਸਤਿਕਾਰ ਅਤੇ ਪਿਆਰ ਸੀ। ਉਹ ਸ਼ੁਰੂ ਤੋਂ ਲੈ ਕੇ ਅੰਤਿਮ ਸਮੇਂ ਤੱਕ ਕਾਂਗਰਸ ਦੇ ਵਫਾਦਾਰ ਸਿਪਾਹੀ ਬਣੇ ਰਹੇ। ਸ. ਲਾਲ ਸਿੰਘ ਦੇ ਦਿਖਾਏ ਮਾਰਗ ਉੱਤੇ ਚਲਦੇ ਹੋਏ ਉਨ੍ਹਾਂ ਦਾ ਸਪੁੱਤਰ ਰਾਜਿੰਦਰ ਸਿੰਘ ਜੋ ਕਿ ਵਿਧਾਨ ਸਭਾ ਹਲਕਾ ਸਮਾਣਾ ਤੋਂ ਸਾਬਕਾ ਵਿਧਾਇਕ ਹਨ, ਇਕ ਇਮਾਨਦਾਰ, ਬੇਦਾਗ, ਦਰਵੇਸ਼ ਅਤੇ ਜਨਤਕ ਸੇਵਾ ਨੂੰ ਸਮਰਪਿਤ ਇਕ ਸਾਊ ਇਨਸਾਨ ਹਨ ਜੋ ਅੱਜ ਸਮਾਜ ਅੰਦਰ ਆਪਣੇ ਪਿਤਾ ਦਾ ਨਾਂ ਰੌਸ਼ਨ ਕਰ ਰਹੇ ਹਨ। ਲੰਘੀ 28 ਮਾਰਚ ਨੂੰ ਉਹ 84 ਸਾਲਾਂ ਦੀ ਸ਼ਾਨਦਾਰ ਅਤੇ ਬੇਦਾਗ ਜ਼ਿੰਦਗੀ ਭੋਗਣ ਤੋਂ ਬਾਅਦ ਆਪਣੀ ਹੱਸਦੀ-ਫੁੱਲਦੀ ਫੁਲਵਾਡ਼ੀ ਨੂੰ ਛੱਡ ਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ। ਅੱਜ 10 ਅਪ੍ਰੈਲ, 2026 ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਵੇਲੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਚਡ਼੍ਹਦੀਕਲਾ ਵਿਚ ਰੱਖਣ।