ਸੜਕ ਹਾਦਸੇ ’ਚ ਜ਼ਖ਼ਮੀ ਨੇ ਦਮ ਤੋੜਿਆ
ਸੜਕ ਹਾਦਸੇ 'ਚ ਜਖਮੀ ਨੇ ਦਮ ਤੋੜਿਆ
Publish Date: Sun, 12 Apr 2026 04:13 PM (IST)
Updated Date: Mon, 13 Apr 2026 04:02 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਪਿੰਡ ਮਹਿਲਾਂ ਦੇ ਜਗਵੀਰ ਸਿੰਘ ਦੀ ਮੌਤ ਹੋ ਗਈ ਹੈ। ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਸੰਗਰੂਰ, ਪਟਿਆਲਾ ਤੇ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਪੁਲਿਸ ਚੌਕੀ ਮਹਿਲਾਂ ਚੌਕ ਦੇ ਹੌਲਦਾਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਗਵੀਰ ਸਿੰਘ ਕਰੀਬ ਮਹੀਨਾ ਪਹਿਲਾਂ ਸੜਕ ਪਾਰ ਕਰ ਕੇ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਮਹਿਲਾਂ ਚੌਕ ਤੋਂ ਸੂਲਰ ਘਰਾਟ ਵੱਲ ਜਾ ਰਹੀ ਇਕ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਉਹ ਬੇਹੋਸ਼ ਹੋਕੇ ਸੜਕ ’ਤੇ ਡਿੱਗ ਪਿਆ। ਪਤਾ ਲੱਗਣ ’ਤੇ ਪਰਿਵਾਰ ਵੱਲੋਂ ਇਲਾਜ ਲਈ ਜਗਵੀਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਕਈ ਦਿਨ ਰਜਿੰਦਰਾ ਹਸਪਤਾਲ ’ਚ ਦਾਖਲ ਰਹਿਣ ਦੇ ਬਾਵਜੂਦ ਵੀ ਜਦੋਂ ਜਗਵੀਰ ਸਿੰਘ ਬੇਹੋਸ਼ੀ ਦੀ ਹਾਲਤ ’ਚੋਂ ਬਾਹਰ ਨਾ ਆਇਆ ਤਾਂ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ 21 ਮਾਰਚ ਨੂੰ ਪੀਜੀਆਈ ਦੇ ਡਾਕਟਰਾਂ ਵੱਲੋਂ ਜਗਵੀਰ ਸਿੰਘ ਦੀ ਇਹ ਕਹਿਕੇ ਛੁੱਟੀ ਕਰ ਦਿੱਤੀ ਗਈ ਕਿ ਹੁਣ ਇਸ ਦੀ ਘਰ ਹੀ ਸੇਵਾ ਸੰਭਾਲ ਕਰ ਲਓ। ਹੌਲਦਾਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਆਖਰ ਜਗਵੀਰ ਸਿੰਘ (45) ਪੁੱਤਰ ਮੱਘਰ ਸਿੰਘ ਵਾਸੀ ਪਿੰਡ ਮਹਿਲਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਬਿਆਨਾਂ ’ਤੇ ਸੁਖਵਿੰਦਰ ਸਿੰਘ ਉਰਫ ਸੰਨੀ ਵਾਸੀ ਸੁਨਾਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਹੈ।