ਭਾਸ਼ਾ ਵਿਭਾਗ ਨੇ ਮਹੀਨਾਵਾਰ ‘ਪੁਸਤਕ ਬੈਠਕ’ ਕਰਵਾਈ
ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹੀਨਾਵਾਰ ‘ਪੁਸਤਕ ਬੈਠਕ’ ਦਾ ਆਯੋਜਨ
Publish Date: Tue, 21 Apr 2026 03:52 PM (IST)
Updated Date: Tue, 21 Apr 2026 03:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਭਾਸ਼ਾਵਾਂ ਦੀ ਦੇਖਰੇਖ ’ਚ ਕਰਵਾਈ ਗਈ ਮਹੀਨਾਵਾਰ ‘ਪੁਸਤਕ ਬੈਠਕ’ ਦੌਰਾਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਮੁਖੀ ਤੇ ਸਾਹਿਤਕਾਰਾ ਡਾ. ਬਲਵਿੰਦਰ ਕੌਰ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਿੱਥੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਿਛਲੇ ਮਹੀਨੇ ਪੜ੍ਹੀਆਂ ਪੁਸਤਕਾਂ ਦੇ ਅਨੁਭਵ ਸਾਂਝੇ ਕੀਤੇ ਉੱਥੇ ਡਾ. ਬਰਾੜ ਨੇ ਪੁਸਤਕ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ। ਡਾ. ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਵਾਲਾ ਬੰਦਾ ਕਈ ਜ਼ਿੰਦਗੀਆਂ ਜਿਉਂ ਲੈਂਦਾ ਹੈ ਜਦੋਂ ਕਿ ਪੁਸਤਕ ਸੱਭਿਆਚਾਰ ਤੋਂ ਕੋਰਾ ਵਿਅਕਤੀ ਇਕ ਜੂਨ ਭੋਗ ਕੇ ਹੀ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੱਭਿਅਕ ਮਨੁੱਖ ਕਿਵੇਂ ਬਣਨਾ ਹੈ ਇਹ ਸਾਨੂੰ ਸਾਹਿਤ ਹੀ ਸਿਖਾਉਂਦਾ ਹੈ। ਡਾ. ਬਰਾੜ ਨੇ ਕਿਹਾ ਕਿ ਹਰ ਵਿਅਕਤੀ ਮਾਂ ਦੇ ਦੁੱਧ ਨਾਲ ਮਿਲੀ ਬੋਲੀ ਰਾਹੀਂ ਆਪਣੇ ਦੁੱਖ-ਸੁੱਖ, ਖੁਸ਼ੀ-ਗਮੀ ਤੇ ਹਰ ਤਰ੍ਹਾਂ ਦੇ ਵਲਵਲੇ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ। ਧੰਨਵਾਦੀ ਭਾਸ਼ਣ ਦੌਰਾਨ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਦਾਨਿਸ਼ਵਰਾਂ ਦੇ ਵਿਚਾਰ ਹਮੇਸ਼ਾ ਹੀ ਸਮਾਜ ਨੂੰ ਸੇਧ ਦਿੰਦੇ ਹਨ। ਇਸ ਮੌਕੇ ਰਾਜ ਕੌਰ ਬਰਾੜ ਦੀ ਪੁਸਤਕ ‘ਬਚਪਨ ਹੁੰਦਾ ਬਾਦਸ਼ਾਹ’ ਲੋਕ ਅਰਪਣ ਕੀਤੀ ਗਈ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਸਹਾਇਕ ਨਿਰਦੇਸ਼ਕਾ ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।