ਸਾਵਧਾਨ! ਸ਼ਾਮ ਢਲਦਿਆਂ ਹੀ ਸੰਘਣੀ ਧੁੰਦ ਤੇ ਹਨੇਰੇ ’ਚ ਡੁੱਬ ਜਾਂਦੈ ਫਲਾਈਓਵਰ
ਸਾਵਧਾਨ! ਸ਼ਾਮ ਢਲਦਿਆਂ ਹੀ ਸੰਘਣੀ ਧੁੰਦ ਤੇ ਹਨੇਰੇ ’ਚ ਡੁੱਬ ਜਾਂਦੈ ਫਲਾਈਓਵਰ
Publish Date: Sun, 04 Jan 2026 04:50 PM (IST)
Updated Date: Mon, 05 Jan 2026 04:06 AM (IST)

ਹਨੇਰੇ ਕਾਰਨ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਹੋਣ ਦਾ ਵਧਿਆ ਖ਼ਤਰਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸਾਵਧਾਨ! ਜੇਕਰ ਤੁਸੀ ਸ਼ਾਮ ਢਲਣ ਮਗਰੋਂ ਸੀਐੱਮ ਕੋਠੀ ਰੋਡ ਜਾਂ ਪਟਿਆਲਾ ਤੋਂ ਬਠਿੰਡਾ ਮੁੱਖ ਹਾਈਵੇ ’ਤੇ ਸੰਗਰੂਰ ਬਾਈਪਾਸ ਨਜਦੀਕ ਸਫਰ ਕਰ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ, ਕਿਉਂਕਿ ਇੱਥੇ ਰਾਤ ਦੇ ਸਮੇਂ ਸੜਕ ਹਾਦਸਾ, ਲੁੱਟਾਂ-ਖੋਹਾਂ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ। ਇੱਥੇ ਬੰਦ ਪਈਆਂ ਸੀਐੱਮ ਹਾਊਸ ਰੋਡ (ਡਰੀਮਲੈਂਡ ਕਲੋਨੀ ਰੋਡ) ਤੇ ਫਲਾਈਓਵਰ ਦੀਆਂ ਲਾਈਟਾਂ ਬੰਦ ਹੋਣ ਦੇ ਕਾਰਨ ਸਾਰਾ ਇਲਾਕਾ ਸ਼ਾਮ ਢਲਦਿਆਂ ਹੀ ਹਨੇਰੇ ਵਿਚ ਡੁੱਬ ਜਾਂਦਾ ਹੈ। ਪਟਿਆਲਾ ਵਾਲੇ ਪਾਸਿਓਂ ਆਉਣ ਵਾਲੇ ਵਾਹਨਾਂ ਨੂੰ ਫਲਾਈਓਵਰ ਦੇ ਨੀਚੇ ਤੋਂ ਲੰਘਣ ਵਾਲੇ ਸੰਗਰੂਰ ਬਾਈਪਾਸ ਦਾ ਪਤਾ ਹੀ ਨਹੀਂ ਚਲਦਾ, ਜਿਸ ਕਾਰਨ ਲੋਕ ਸਿੱਧੇ ਹੀ ਲੰਘ ਜਾਂਦੇ ਹਨ। ਹਨੇਰੇ ਦੇ ਕਾਰਨ ਹਾਦਸੇ ਵੀ ਹੋ ਸਕਦੇ ਹਨ। ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀਆਂ ਸੜਕਾਂ ਤੇ ਲੱਗੀਆਂ ਬੰਦ ਪਈਆਂ ਲਾਈਟਾਂ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ। ਧੁੰਦ ਦਾ ਸੀਜਨ ਹੋਣ ਦੇ ਬਾਵਜੂਦ ਇਨ੍ਹਾਂ ਬੰਦ ਪਈਆਂ ਲਾਈਟਾਂ ਵਾਲੇ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਹੈ, ਜਿਸਦਾ ਖਮਿਆਜਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਧੁੰਦ ਦਾ ਸੀਜਨ ਜ਼ੋਰਾਂ ਤੇ ਚੱਲ ਰਿਹਾ ਹੈ। ਅਜਿਹੇ ਵਿੱਚ ਸੜਕਾਂ ਤੇ ਰੋਸ਼ਨੀ ਦੇ ਪੂਰੇ ਪ੍ਰਬੰਧ ਨਾ ਹੋਣ ਦੀ ਸੂੁਰਤ ਵਿੱਚ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਟਿਆਲਾ-ਬਠਿੰਡਾ ਨੈਸ਼ਨਲ ਹਾਈਵੇ ਤੇ ਲਾਈਟਾਂ ਦੀ ਵਿਵਸਥਾ ਕਰਨਾ ਤਾਂ ਦੂਰ, ਬਾਈਪਾਸ, ਫਲਾਈਓਵਰ ਤੇ ਲੱਗੀਆਂ ਲਾਈਟਾਂ ਨੂੰ ਵੀ ਚਾਲੂ ਕਰਨ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਨਾਕਾਮ ਸਾਬਤ ਹੋ ਰਹੀ ਹੈ। ਅਜਿਹੇ ਹੀ ਹਾਲਾਤ ਸਥਾਨਕ ਸੰਗਰੂਰ ਬਾਈਪਾਸ ਦੇ ਹਨ, ਮੁੱਖ ਹਾਈਵੇ ਤੋਂ ਸੰਗਰੂਰ ਸ਼ਹਿਰ ਵੱਲ ਆਉਣ ਵਾਲੇ ਰਸਤੇ ਤੇ ਦੂਰ-ਦੂਰ ਤੱਕ ਲਾਈਟਾਂ ਬੰਦ ਪਈਆਂ ਹਨ। ਫਲਾਈਓਵਰ ਦੇ ਉਪਰ ਦੀਆਂ ਸਾਰੀਆਂ ਲਾਈਟਾਂ ਬੰਦ ਪਈਆਂ ਹਨ। ਪਟਿਆਲਾ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਸੰਗਰੂਰ ਬਾਈਪਾਸ ਦਾ ਪਤਾ ਹੀ ਨਹੀ ਲੱਗਦਾ। ਹਾਈਵੇ ਤੇ ਚੱਲਣ ਵਾਲੇ ਤੇਜ ਰਫਤਾਰ ਵਾਹਨਾਂ ਦੇ ਕਾਰਨ ਦੋ ਪਹੀਆ ਵਾਹਨ ਚਾਲਕਾਂ ਦੇ ਲਈ ਹਨੇਰੇ ਵਿੱਚ ਇੱਥੋਂ ਸੜਕ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਕਦੇ ਵੀ ਹਾਦਸਾ ਵਾਪਰ ਸਕਦਾ ਹੈ, ਸੰਘਣੀ ਧੁੰਦ ਅਤੇ ਰਾਤ ਦੇ ਹਨੇਰੇ ਕਾਰਨ ਬਾਈਪਾਸ ਕੱਟ ਦਾ ਰਾਹਗੀਰਾਂ ਨੂੰ ਪਤਾ ਨਹੀਂ ਲਗਦਾ, ਜਿਸ ਕਾਰਨ ਬਾਹਰਲੇ ਰਾਹਗੀਰ ਅੱਗੇ ਹੀ ਨਿਕਲ ਜਾਂਦੇ ਹਨ। ਅਜਿਹੇ ਹੀ ਹਾਲ ਕੰਮੋਮਾਜਰਾ ਕੱਟ, ਸਿਬੀਆਂ ਰੋਡ ਚੌਕ ਦੇ ਕੋਲ ਵੀ ਹਨ, ਜਿੱਥੇ ਲਾਈਟਾਂ ਦੇ ਕੋਈ ਪ੍ਰਬੰਧ ਨਹੀਂ ਹਨ। ਸੀਐੱਮ ਕੋਠੀ ਰੋਡ ਤੇ ਲੱਗੀਆਂ ਲਾਈਟਾਂ ਵੀ ਬੰਦ ਹਾਈਵੇ ਤੋਂ ਸੰਗਰੂਰ ਸ਼ਹਿਰ ਵੱਲ ਆਉਣ ਵਾਲੀ ਮੁੱਖ ਸੜਕ ਤੇ ਬੇਸ਼ੱਕ ਲਾਈਟਾਂ ਅਤੇ ਪੋਲ ਲੱਗੇ ਹੋਏ ਹਨ, ਪ੍ਰੰਤੂ ਇੱਥੇ ਸੀਐੱਮ ਕੋਠੀ ਦੇ ਬਿਲਕੁਲ ਸਾਹਮਣੇ ਬਾਹਰ ਸੜਕ ਤੇ ਲਾਈਟਾਂ ਵੀ ਬਾਈਪਾਸ ਤੋਂ ਜੇਜੀ ਪੈਲੇਸ ਤੱਕ ਬੰਦ ਪਈਆਂ ਹਨ। ਇਕੱਲੇ ਸੁੱਖ ਫਾਰਮ ਦੇ ਸਾਹਮਣੇ ਦੀਆਂ ਕੁਝ ਲਾਈਟਾਂ ਜਗਦੀਆਂ ਹਨ,ਜਦਕਿ ਪੂਰੀ ਸੜਕ ਹਨੇੇਰੇ ਵਿੱਚ ਡੁੱਬੀ ਰਹਿੰਦੀ ਹੈ। ਇਹ ਇਲਾਕਾ ਸ਼ਹਿਰ ਦੀ ਆਵਾਜਾਈ ਦਾ ਮੁੱਖ ਰਸਤਾ ਹੈ। ਪ੍ਰੰਤੂ ਇੱਥੇ ਵੀ ਲਾਈਟਾਂ ਦੇ ਪ੍ਰਬੰਧ ਨਾ ਹੋਣਾ ਰਾਹਗੀਰਾਂ ਦੀ ਸੁਰੱਖਿਆ ਨਾਲ ਸਰਾਸਰ ਖਿਲਵਾੜ ਹੈ। ਇਸ ਸੜਕ ਤੇ ਮੁੱਖ ਮੰਤਰੀ ਦੀ ਕੋਠੀ ਸਮੇਤ ਪੂਰੀ ਡਰੀਮ ਲੈਂਡ, ਮੈਰਿਜ ਪੈਲੇਸ, ਭਾਈ ਗੁਰਦਾਸ ਲਾਅ ਕਾਲਜ, ਕਈ ਹੋਟਲ, ਰਹਾਇਸ਼ੀ ਮਕਾਨ, ਕਾਰੋਬਾਰੀਆਂ ਦੀਆਂ ਦੁਕਾਨਾਂ ਮੌਜੂਦ ਹਨ, ਪ੍ਰੰਤੂ ਇਸਦੇ ਬਾਵਜੂਦ ਲਾਈਟਾਂ ਦਰੁਸਤ ਨਹੀਂ ਕੀਤੀਆਂ ਜਾ ਰਹੀਆਂ, ਜਿਸ ਨਾਲ ਲੋਕਾਂ ਦੀ ਸੁਰੱਖਿਆ ਦਾਅ ਤੇ ਲੱਗ ਰਹੀ ਹੈ।