ਬਸੰਤ ਪੰਚਮੀ ਤੇ ਮਾਂ ਸਰਸਵਤੀ ਜੀ ਦਾ ਜਨਮ ਦਿਹਾਡ਼ਾ ਮਨਾਇਆ
ਬਸੰਤ ਪੰਚਮੀ ਅਤੇ ਮਾਂ ਸਰਸਵਤੀ ਜੀ ਦਾ ਜਨਮ ਦਿਹਾਡ਼ਾ ਮਨਾਇਆ
Publish Date: Fri, 23 Jan 2026 05:32 PM (IST)
Updated Date: Fri, 23 Jan 2026 05:33 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਟੈਗੋਰ ਇੰਟਰਨੈਸ਼ਨਲ ਸਕੂਲ ਵਿਚ ਬਸੰਤ ਪੰਚਮੀ ਤੇ ਵਿਦਿਆ ਦੀ ਦੇਵੀ ਮਾਂ ਸਰਸਵਤੀ ਜੀ ਦੇ ਪਾਵਨ ਜਨਮ ਦਿਹਾਡ਼ੇ ਨੂੰ ਬਡ਼ੇ ਹੀ ਧਾਰਮਿਕ, ਸੱਭਿਆਚਾਰਕ ਤੇ ਉਤਸ਼ਾਹਪੂਰਣ ਮਾਹੌਲ ਵਿਚ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਤੇ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਉਪਰੰਤ ਵਿਧੀਵਤ ਤਰੀਕੇ ਨਾਲ ਮਾਂ ਸਰਸਵਤੀ ਜੀ ਦੀ ਪੂਜਾ ਅਰਚਨਾ ਕੀਤੀ ਗਈ, ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਰਧਾ ਸਹਿਤ ਭਾਗ ਲਿਆ। ਬਸੰਤ ਪੰਚਮੀ ਦੇ ਤਿਉਹਾਰ ਨੂੰ ਹੋਰ ਵੀ ਰੌਣਕਦਾਰ ਬਣਾਉਂਦਿਆਂ ਸਕੂਲ ਵਿੱਚ ‘ਕਾਈਟ ਮੇਕਿੰਗ’ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਕਲਾਤਮਕ ਪ੍ਰਤਿਭਾ ਦਾ ਸੁੰਦਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਨਰਸਰੀ ਦੇ ਛੋਟੇ ਬੱਚਿਆਂ ਨੇ ਵੀ ਬਸੰਤ ਪੰਚਮੀ ਦਾ ਤਿਉਹਾਰ ਬਡ਼ੀ ਖੁਸ਼ੀ ਨਾਲ ਮਨਾਇਆ। ਬੱਚੇ ਪੀਲੇ ਰੰਗ ਦੇ ਪਕਵਾਨ ਲੈ ਕੇ ਅਤੇ ਕਈ ਨੰਨ੍ਹੇ ਵਿਦਿਆਰਥੀ ਮਾਂ ਸਰਸਵਤੀ ਜੀ ਦਾ ਰੂਪ ਧਾਰਨ ਕਰਕੇ ਸਜ-ਧਜ ਕੇ ਸਕੂਲ ਆਏ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਪਾਵਨ ਤਿਉਹਾਰ ਸਾਨੂੰ ਗਿਆਨ, ਸੱਭਿਆਚਾਰ ਅਤੇ ਨੈਤਿਕ ਮੁੱਲਾਂ ਨਾਲ ਜੁਡ਼ਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਂ ਸਰਸਵਤੀ ਜੀ ਦੇ ਆਸ਼ੀਰਵਾਦ ਨਾਲ ਵਿਦਿਆ ਅਤੇ ਜੀਵਨ ਵਿੱਚ ਨਿਰੰਤਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।