ਬਸੰਤ ਪੰਚਮੀ : ਚੀਲ ਪਤੰਗ ਨੌਜਵਾਨਾਂ ਨੂੰ ਰਹੀ ਕੀਲ
ਬਸੰਤ ਪੰਚਮੀ: ਚੀਲ ਪਤੰਗ ਨੌਜਵਾਨਾਂ ਨੂੰ ਰਿਹਾ ਕੀਲ
Publish Date: Thu, 22 Jan 2026 05:25 PM (IST)
Updated Date: Fri, 23 Jan 2026 04:07 AM (IST)

ਇਸ ਸਾਲ ਪਾਕਿਸਤਾਨੀ ਤੁੱਕਲ ਉੱਡੇਗੀ ਸੰਗਰੂਰ ਦੀ ਅਸਮਾਨ ’ਤੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬਸੰਤ ਪੰਚਮੀ ਮਨਾਉਣ ਦਾ ਜਨੂੰਨ ਨੌਜਵਾਨਾਂ ਤੋਂ ਲੈ ਕੇ ਬੱਚਿਆਂ ਦੇ ਸਿਰ ਚੜ੍ਹਕੇ ਬੋਲਦਾ ਨਜ਼ਰ ਆਇਆ। ਵੀਰਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਵਿਚ ਸਜੀਆਂ ਰੰਗ-ਬਿਰੰਗੀਆਂ ਪਤੰਗਾਂ ਦੀਆਂ ਦੁਕਾਨਾਂ ’ਤੇ ਨੌਜਵਾਨਾਂ ਦੀ ਭੀੜ ਲੱਗੀ ਰਹੀ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਪਤੰਗਾਂ ਦੀ ਖਰੀਦਦਾਰੀ ਕੀਤੀ। ਇਸ ਸਾਲ ਬਾਜ਼ਾਰ ਵਿਚ ਨਵਾਂ ਆਇਆ ਚੀਲ ਪਤੰਗ, ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਕੀਲਦਾ ਨਜ਼ਰ ਆਇਆ। ਇਸਦੇ ਨਾਲ ਹੀ ਪਾਕਿਸਤਾਨੀ ਤੁੱਕਲ ਨਾਮਕ ਪਤੰਗ ਵੀ ਬਸੰਤ ਪੰਚਮੀ ਮੌਕੇ ਸੰਗਰੂਰ ਦੇ ਅਸਮਾਨ ’ਤੇ ਉਡਦਾ ਵਿਖਾਈ ਦੇਵੇਗਾ। ਬਸੰਤ ਪੰਚਮੀ ਤੋਂ ਠੀਕ ਇਕ ਦਿਨ ਪਹਿਲਾਂ ਵੀਰਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਵਿਚ ਪਤੰਗਾਂ ਦੀ ਖੂਬ ਖਰੀਦਦਾਰੀ ਹੋਈ। ਮੁੱਖ ਬਾਜ਼ਾਰ ਰੋਕਸੀ ਰੋਡ, ਸੁਨਾਮੀ ਗੇਟ, ਵੱਡਾ ਚੌਕ, ਪਟਿਆਲਾ ਗੇਟ, ਨਾਭਾ ਗੇਟ, ਸਿਟੀ ਪਾਰਕ ਰੋਡ ਤੇ ਮੁਹੱਲਿਆਂ ਦੀਆਂ ਗਲੀਆਂ ਤਕ ਪਤੰਗਾਂ ਦੀਆਂ ਦੁਕਾਨਾਂ ਦੀ ਰੌਣਕ ਦੇਖਣ ਯੋਗ ਸੀ। ਰੰਗ-ਬਿਰੰਗੇ ਪਤੰਗਾਂ ਨਾਲ ਸਜੀਆਂ ਦੁਕਾਨਾਂ ’ਚ ਸਟਾਰ ਪਤੰਗ, ਸੱਪ ਪਤੰਗ, ਲਖਨਊ ਕਾਟ ਸਮੇਤ ਆਧੁਨਿਕ ਡਿਜ਼ਾਇਨ ਵਾਲੀਆਂ ਪਤੰਗਾਂ ਖਾਸ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਸਨ। ਦੁਕਾਨਦਾਰਾਂ ਅਨੁਸਾਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਵਿਕਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਖ਼ਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ’ਚ ਵੱਡੇ ਸਾਈਜ਼ ਦੀਆਂ ਪਤੰਗਾਂ ਦੀ ਮੰਗ ਵਧੀ ਹੈ। 12 ਫੁੱਟ ਤਕ ਦੀਆਂ ਪਤੰਗਾਂ ਤਿਆਰ ਕਰ ਰਹੇ ਮੁਹੰਮਦ ਉਮਰ ਇਨ੍ਹਾਂ ਸਭ ਵਿਚਕਾਰ ਸੰਗਰੂਰ ਦੇ ਪਤੰਗ ਕਾਰੀਗਰ ਮੁਹੰਮਦ ਉਮਰ ਤੇ ਮੁਹੰਮਦ ਨੋਮਾਨ ਵੱਲੋਂ ਤਿਆਰ ਕੀਤੀਆਂ 8 ਤੋਂ 12 ਫੁੱਟ ਉੱਚੀਆਂ ਵਿਸ਼ਾਲ ਪਤੰਗਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸਾਲਾਂ ਦੇ ਤਜ਼ਰਬੇ ਤੇ ਮਿਹਨਤ ਨਾਲ ਤਿਆਰ ਕੀਤੀਆਂ ਇਹ ਪਤੰਗਾਂ ਨੌਜਵਾਨਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਮਜ਼ਬੂਤ ਢਾਂਚਾ, ਸ਼ਾਨਦਾਰ ਸੰਤੁਲਨ ਅਤੇ ਖਾਸ ਡਿਜ਼ਾਇਨ ਕਾਰਨ ਇਹ ਪਤੰਗਾਂ ਅਸਮਾਨ ’ਚ ਆਪਣੀ ਵੱਖਰੀ ਪਹਿਚਾਣ ਬਣਾਉਂਦੀਆਂ ਹਨ। ਪਤੰਗਬਾਜ਼ਾਂ ਦਾ ਕਹਿਣਾ ਹੈ ਕਿ ਵੱਡੀ ਆਕਾਰ ਦੀਆਂ ਇਹ ਪਤੰਗਾਂ ਨਾ ਸਿਰਫ਼ ਦੇਖਣ ‘ਚ ਸ਼ਾਨਦਾਰ ਲੱਗਦੀਆਂ ਹਨ, ਸਗੋਂ ਮੁਕਾਬਲੇ ਵਿਚ ਵੀ ਖਾਸ ਪਛਾਣ ਬਣਾਉਂਦੀਆਂ ਹਨ। ਉਕਤ ਕਾਰੀਗਰਾਂ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਉਹ 8 ਤੋਂ 10 ਹਜ਼ਾਰ ਪਤੰਗਾਂ ਤਿਆਰ ਕਰ ਕੇ ਵੇਚ ਚੁੱਕੇ ਹਨ। ਉਹ ਆਪਣੇ ਹੱਥਾਂ ਨਾਲ ਪਤੰਗਾਂ ਬਣਾਕੇ ਖੁਦ ਹੀ ਉਨ੍ਹਾਂ ਦੀ ਵਿਕਰੀ ਕਰਦੇ ਹਨ। ਉਨ੍ਹਾਂ ਵੱਲੋਂ ਸਧਾਰਣ ਪਤੰਗਾਂ ਦੇ ਨਾਲ-ਨਾਲ ਪੀਪਾ ਪਤੰਗ, ਆਦਮੀ ਪਤੰਗ, ਭੂਤ ਪਤੰਗ, ਵੱਖ-ਵੱਖ ਕਲਾਕਾਰਾਂ ਤੇ ਸਿਤਾਰਿਆਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਵੀ ਬਣਾਈਆਂ ਜਾਂਦੀਆਂ ਹਨ। ਉਹ ਬਸੰਤ ਪੰਚਮੀ ਤੋਂ ਲਗਭਗ 6 ਮਹੀਨੇ ਪਹਿਲਾਂ ਹੀ ਪਤੰਗ ਬਣਾਉਣ ਦੀ ਸ਼ੁਰੂਆਤ ਕਰ ਦਿੰਦੇ ਹਨ। ਬਾਹਰੀ ਜ਼ਿਲ੍ਹਿਆਂ ਤੋਂ ਆਏ ਪਤੰਗ ਵਿਕਰੇਤਾ ਸ਼ਹਿਰ ਵਿਚ ਸਿਰਫ਼ ਸਥਾਨਕ ਵਿਕਰੇਤਾ ਹੀ ਨਹੀਂ, ਸਗੋਂ ਹੋਰਨਾਂ ਜ਼ਿਲ੍ਹਿਆਂ ਅਤੇ ਗੁਆਂਢੀ ਰਾਜਾਂ ਤੋਂ ਵੀ ਪਤੰਗ ਵਿਕਰੇਤਾ ਤੇ ਕਾਰੀਗਰ ਆਪਣੇ ਨਵੇਂ-ਨਵੇਂ ਡਿਜ਼ਾਇਨ ਅਤੇ ਵਰਾਇਟੀ ਲੈ ਕੇ ਪਹੁੰਚੇ ਹੋਏ ਹਨ। ਕਿਤੇ ਹੱਥ ਨਾਲ ਬਣੀਆਂ ਰਵਾਇਤੀ ਪਤੰਗਾਂ ਮਿਲ ਰਹੀਆਂ ਹਨ ਤਾਂ ਕਿਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੀਆਂ ਹਲਕੀਆਂ ਅਤੇ ਮਜ਼ਬੂਤ ਪਤੰਗਾਂ। ਲੁਧਿਆਣਾ ਤੋਂ ਆਏ ਪਤੰਗ ਵਿਕਰੇਤਾ ਕਾਰਤਿਕ ਨੇ ਦੱਸਿਆ ਕਿ ਸੱਪ ਪਤੰਗ, ਪਾਕਿਸਤਾਨੀ ਡਿਜ਼ਾਇਨ ਪਤੰਗ ਅਤੇ ਚਾਰ ਫੁੱਟ ਤਕ ਦੀਆਂ ਪਤੰਗਾਂ ਦੀ ਮੰਗ ਕਾਫ਼ੀ ਹੈ। ਲੁਧਿਆਣਾ ਤੋਂ ਹੀ ਆਏ ਹੋਰ ਵਿਕਰੇਤਾ ਗੌਤਮ ਨੇ ਕਿਹਾ ਕਿ ਪਾਕਿਸਤਾਨੀ ਤੁੱਕਲ, ਮੱਛੀ, ਸਟਾਰ ਅਤੇ ਚੀਲ ਪਤੰਗਾਂ ਦਾ ਨੌਜਵਾਨਾਂ ਵਿੱਚ ਖਾਸ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ਵਿੱਚ 12 ਰੁਪਏ ਦੀ ਸਧਾਰਣ ਪਤੰਗ ਤੋਂ ਲੈ ਕੇ 8 ਫੁੱਟ ਦੀ 800 ਰੁਪਏ ਤੱਕ ਦੀ ਪਤੰਗ ਉਪਲਬਧ ਹੈ। ਨੌਜਵਾਨਾਂ ’ਚ ਪਤੰਗਾਂ ਦਾ ਖਾਸ ਕ੍ਰੇਜ਼ ਸੰਤ ਪੰਚਮੀ ਨੂੰ ਲੈ ਕੇ ਨੌਜਵਾਨਾਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦੋਸਤਾਂ ਦੀਆਂ ਟੋਲੀਆਂ ਪਹਿਲਾਂ ਤੋਂ ਹੀ ਯੋਜਨਾਵਾਂ ਬਣਾਈਆਂ ਬੈਠੀਆਂ ਹਨ ਕਿ ਕਿਹੜੇ ਸਮੇਂ ਕਿਹੜੀ ਛੱਤ ਤੋਂ ਪਤੰਗ ਉਡਾਈ ਜਾਵੇਗੀ। ਡੋਰ ਨੂੰ ਮਜ਼ਬੂਤ ਬਣਾਉਣ ਲਈ ਮਾਂਝੇ ‘ਤੇ ਖਾਸ ਤਿਆਰੀ ਕੀਤੀ ਗਈ ਹੈ, ਤਾਂ ਜੋ ਮੁਕਾਬਲੇ ਵਿੱਚ ਬਾਜ਼ੀ ਮਾਰੀ ਜਾ ਸਕੇ। ਦੂਜੇ ਪਾਸੇ, ਬੱਚਿਆਂ ਲਈ ਇਹ ਦਿਨ ਖੁਸ਼ੀਆਂ ਨਾਲ ਭਰਿਆ ਹੋਇਆ ਹੈ, ਜਿੱਥੇ ਉਹ ਆਪਣੀ ਮਨਪਸੰਦ ਪਤੰਗ ਉਡਾਉਣ ਅਤੇ ਜਿੱਤ ਦੀ ਖੁਸ਼ੀ ਮਨਾਉਂਦੇ ਨਜ਼ਰ ਆਉਣਗੇ। ਪਤੰਗਾਂ ਦੀ ਕਟਾਕਟ, ਡੀਜੇ ‘ਤੇ ਗੀਤਾਂ ਦੀ ਧੁਨ ਅਤੇ “ਓ ਕਾਟਾ” ਦੀਆਂ ਆਵਾਜ਼ਾਂ ਦਰਮਿਆਨ ਬਸੰਤ ਪੰਚਮੀ ਦਾ ਇਹ ਤਿਉਹਾਰ ਉਤਸ਼ਾਹ, ਉਮੰਗ ਅਤੇ ਪਰੰਪਰਾ ਦਾ ਸੁੰਦਰ ਸੰਗਮ ਪੇਸ਼ ਕਰੇਗਾ।