ਬਰਸਾਤੀ ਪਾਣੀ ’ਚ ਘਨੌਰ ਦੀ ਲਾਈਫ ਲਾਈਨ ਸੜਕ ਡੁੱਬੀ
ਬਰਸਾਤੀ ਪਾਣੀ ’ਚ ਘਨੌਰ ਦੀ ਲਾਈਫ ਲਾਈਨ ਸੜਕ ਡੁੱਬੀ ਧਾਰਿਆ ਛੱਪੜ ਦਾ ਰੂਪ ਤੇ ਬਿਜਲੀ ਦੇ ਮੀਟਰ ਬਕਸੇ ਡੁੱਬਣ ਕਿਨਾਰੇ
Publish Date: Fri, 23 Jan 2026 05:34 PM (IST)
Updated Date: Fri, 23 Jan 2026 05:36 PM (IST)

- ਧਾਰਿਆ ਛੱਪੜ ਦਾ ਰੂਪ ਤੇ ਬਿਜਲੀ ਦੇ ਮੀਟਰ ਬਕਸੇ ਡੁੱਬਣ ਕਿਨਾਰੇ ਫੋਟੋ 23ਪੀਟੀਐਲ: 23 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਘਨੌਰ ਕਸਬੇ ਦੀ ਸਭ ਤੋਂ ਅਹਿਮ ਅਤੇ ਰੁੱਝੀ ਰਹਿਣ ਵਾਲੀ ਤਹਿਸੀਲ ਰੋਡ ਭਾਰੀ ਬਰਸਾਤ ਤੋਂ ਬਾਅਦ ਛੱਪੜ ਦਾ ਰੂਪ ਧਾਰ ਚੁੱਕੀ ਹੈ। ਸੜਕ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਘਨੌਰ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ ਕਿਉਂਕਿ ਇਸੀ ਰਾਹੀਂ ਸਰਕਾਰੀ ਹਸਪਤਾਲ, ਮਸਜਿਦ, ਗਊਸ਼ਾਲਾ, ਗੁਰੂਦੁਆਰਾ ਸਾਹਿਬ, ਪਟਵਾਰ ਖਾਨਾ, ਨਗਰ ਪੰਚਾਇਤ ਦਫ਼ਤਰ, ਵਾਟਰ ਸਪਲਾਈ ਦਫ਼ਤਰ, ਤਹਿਸੀਲ ਦਫ਼ਤਰ ਅਤੇ ਯੂਨੀਵਰਸਿਟੀ ਕਾਲਜ ਤੱਕ ਪਹੁੰਚ ਹੁੰਦੀ ਹੈ। ਸੜਕ ‘ਤੇ ਪਾਣੀ ਭਰਨ ਕਾਰਨ ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣਾ ਮੁਸ਼ਕਲ ਹੋ ਗਿਆ ਹੈ, ਜਦਕਿ ਵਿਦਿਆਰਥੀ ਅਤੇ ਦਫ਼ਤਰੀ ਕਰਮਚਾਰੀ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ। ਕਈ ਦੋ ਪਹੀਆ ਵਾਹਨ ਪਾਣੀ ਵਿਚ ਬੰਦ ਹੋ ਚੁੱਕੇ ਹਨ ਅਤੇ ਪੈਦਲ ਜਾਣ ਵਾਲਿਆਂ ਨੂੰ ਵੀ ਭਾਰੀ ਦਿੱਕਤਾਂ ਆ ਰਹੀਆਂ ਹਨ। ਇਸ ਸਬੰਧੀ ਸੀਵਰੇਜ ਮਹਿਕਮੇ ਦੇ ਐਸਡੀਓ ਸੁਖਜੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਵਧੇਰੇ ਬਰਸਾਤ ਕਾਰਨ ਸੀਵਰੇਜ ਦੇ ਪਾਈਪ ਓਵਰਫ਼ਲੋ ਹੋ ਗਏ ਹਨ ਅਤੇ ਮੰਡੀ ਬੋਰਡ ਵੱਲੋਂ ਚੱਲ ਰਹੇ ਪੰਪ ਸੈਟਾਂ ਕਾਰਨ ਮੇਨਹੋਲਾਂ ’ਚ ਲੀਕੇਜ ਹੋ ਰਹੀ ਹੈ। ਦੂਜੇ ਪਾਸੇ, ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਸ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਵੀ ਪੰਪ ਸੈਟ ਨਹੀਂ ਚਲਾਇਆ ਜਾ ਰਿਹਾ। ਇਸ ਤਰ੍ਹਾਂ ਦੋਵੇਂ ਮਹਿਕਮੇ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟਦੇ ਨਜ਼ਰ ਆ ਰਹੇ ਹਨ, ਪਰ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸ ਦੌਰਾਨ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਪਾਣੀ ’ਚ ਡੁੱਬੇ ਬਿਜਲੀ ਦੇ ਮੀਟਰ ਹਨ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਸਬੰਧੀ ਬਿਜਲੀ ਵਿਭਾਗ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਤੁਰੰਤ ਮੌਕੇ ’ਤੇ ਜਾਂਚ ਕਰਵਾਈ ਜਾਵੇਗੀ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਏਗੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਹਿਸੀਲ ਰੋਡ ਤੋਂ ਤੁਰੰਤ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਦੋਸ਼ੀ ਮਹਿਕਮਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਕਿਸੇ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਘਨੌਰ ਦਾ ਹੋਇਆ ਵਿਕਾਸ ਸਾਫ਼ ਝਲਕਦਾ ਨਜ਼ਰ ਆ ਰਿਹਾ ਹੈ, ਜਿੱਥੇ ਪਟਵਾਰਖਾਨਾ ਰੋਡ ਸੜਕ ਦੀ ਥਾਂ ਛੱਪੜ ਬਣੀ ਹੋਈ ਹੈ, ਬਰਸਾਤੀ ਪਾਣੀ ਵਿਚ ਬਿਜਲੀ ਦੇ ਮੀਟਰ ਬਕਸੇ ਡੁੱਬਣ ਕਿਨਾਰੇ ਖੜ੍ਹੇ ਹਨ ਅਤੇ ਲੋਕ ਜਾਨ ਜੋਖ਼ਮ ਵਿਚ ਪਾ ਕੇ ਆਵਾਜਾਈ ਕਰਨ ਲਈ ਮਜਬੂਰ ਹਨ, ਜੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।