ਸੂਬੇ ਦਾ ਚਹੁੰਪੱਖੀ ਵਿਕਾਸ ਹੀ ਆਪ ਦੀ ਸਰਕਾਰ ਦਾ ਮੁੱਖ ਉਦੇਸ਼ : ਬਰਸਟ
ਸੂਬੇ ਦਾ ਚਹੁੰਪੱਖੀ ਵਿਕਾਸ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਉਦੇਸ਼: ਬਰਸਟ
Publish Date: Mon, 06 Apr 2026 05:34 PM (IST)
Updated Date: Mon, 06 Apr 2026 05:37 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ, ਪੰਜਾਬ ਵੱਲੋਂ ਹਲਕਾ ਸਮਾਣਾ ਵਿਖੇ ਜਨਸਭਾ ’ਚ ਕੀਤਾ ਗਿਆ। ਸਮਾਣਾ ਦੇ ਵਾਰਡ ਨੰ. 21 ਦੀ ਢਿੱਲੋਂ ਕਾਲੋਨੀ ਵਿਖੇ ਜਨ-ਸਭਾ ਵਿਚ ਹਰਚੰਦ ਸਿੰਘ ਬਰਸਟ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਸਭਾ ਵਿਚ ਵੱਡੀ ਗਿਣਤੀ ਵਚ ਮੁਹੱਲਾ ਵਾਸੀ ਪਹੁੰਚੇ, ਜਿਨ੍ਹਾਂ ਵੱਲੋਂ ਸ. ਬਰਸਟ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਬਰਸਟ ਨੂੰ ਕਲੌਨੀ ਦੇ ਵਿਕਾਸ ਅਤੇ ਹੋਰਨਾਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਚੇਅਰਮੈਨ ਨੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਦੌਰਾਨ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦਾ ਚਹੁੰਪੱਖੀ ਵਿਕਾਸ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਪਾਸੇ ਜਿੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ 65 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਮਹਿਲਾਵਾਂ ਨੂੰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਤੋਹਫ਼ਾ ਦਿੱਤਾ ਗਿਆ ਹੈ, ਜਿਸਦੇ ਤਹਿਤ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪ੍ਰਾਪਤ ਹੋਣਗੇ। ਇਸ ਮੌਕੇ ਹਜਾਰੀ ਲਾਲ ਜੋਹਰੀ, ਸੁਖਵਿੰਦਰ ਸਿੰਘ, ਇਸ਼ਵਰ ਪਾਲ, ਬਲਵਿੰਦਰ ਸਿੰਘ ਗਾਜੀਪੁਰ, ਸ਼ੰਕਰ ਜਿੰਦਲ, ਸਾਹਿਲ ਮਹਿਮੀ, ਅਸ਼ਵਨੀ ਅਰੋੜਾ, ਵਿਨੈ ਵਾਧਵਾ, ਕੁਲਦੀਪ ਸਿੰਘ, ਅਜੀਤ ਸਿੰਘ ਚੀਮਾ, ਰੋਹਿਤ ਮਹਿਰਾ, ਰਾਜ ਕੁਮਾਰ, ਜੈਂਕੀ ਮਹਿਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ।