ਮੌਸਮ ਦੇ ਬਦਲੇ ਮਿਜ਼ਾਜ਼ ਨੇ ਫ਼ਿਕਰਾਂ ’ਚ ਪਾਇਆ ਅੰਨਦਾਤਾ
ਮੌਸਮ ਦੇ ਬਦਲੇ ਮਿਜ਼ਾਜ਼ ਨੇ ਫ਼ਿਕਰਾਂ ਵਿੱਚ ਪਾਇਆ ਅੰਨਦਾਤਾ
Publish Date: Wed, 08 Apr 2026 05:00 PM (IST)
Updated Date: Wed, 08 Apr 2026 05:02 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਅੱਜ ਇਸ ਖੇਤਰ ਵਿਚ ਪੈ ਰਹੀ ਬਾਰਿਸ਼ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਕਣਕ ਦੀ ਵਢਾਈ ਦੇ ਤੇਜ਼ ਰਫ਼ਤਾਰ ਨਾਲ ਚੱਲ ਰਹੇ ਕੰਮ ਨੂੰ ਇਕ ਦਮ ਬਰੇਕਾਂ ਲੱਗ ਗਈਆਂ ਹਨ। ਸਥਾਨਿਕ ਮੰਡੀਆਂ ਵਿਚ ਵਿਕਣ ਲਈ ਆਈ ਹੋਈ ਕਣਕ ਦੀਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਾਈ ਕਿਸਾਨ ਭੱਜ ਭੱਜ ਕੇ ਢੱਕਦੇ ਹੋਏ ਨਜ਼ਰ ਆਏ। ਕਿਸਾਨਾਂ ਨੇ ਦੱਸਿਆ ਕਿ ਤਾਜ਼ਾ ਮੀਂਹ ਨਾਲ ਘੱਟੋ-ਘੱਟ ਤਿੰਨ ਜਾਂ ਚਾਰ ਦਿਨ ਕਣਕ ਦੀ ਵਾਢੀ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਹੱਥਾਂ ਨਾਲ ਵੱਢੀ ਹੋਈ ਕਣਕ ਦੀਆਂ ਭਰੀਆਂ ਨੂੰ ਪਹਿਲਾਂ ਸੁਕਾਉਣਾ ਪਵੇਗਾ ਅਤੇ ਇਸ ਮਗਰੋਂ ਹੀ ਉਨ੍ਹਾਂ ਦੀ ਕਢਾਈ ਹੋ ਸਕੇਗੀ। ਇਸ ਖੇਤਰ ਵਿੱਚ ਵੱਡੀ ਪੱਧਰ ਤੇ ਚੱਲ ਰਹੀਆਂ ਕੰਬਾਇਨਾਂ ਵੀ ਭਾਰੀ ਬਾਰਿਸ਼ ਕਾਰਨ ਵਿਹਲੀਆਂ ਹੋ ਗਈਆਂ ਹਨ ਤੇ ਪਰਵਾਸੀ ਲੇਬਰ ਦਾ ਕੰਮ ਵੀ ਰੁਕ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਨਮੀ ਦੀ ਮਾਤਰਾ ਵੀ ਵਧੇਗੀ ਤੇ ਉਨ੍ਹਾਂ ਨੂੰ ਕਣਕ ਵੇਚਣ ਸਮੇਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਅਨੁਸਾਰ ਬਨੂੜ ਖੇਤਰ ਵਿੱਚ ਵੱਡੀ ਪੱਧਰ ਤੇ ਸਬਜੀਆਂ ਦੀ ਪੈਦਾਵਾਰ ਹੁੰਦੀ ਹੈ ਤੇ ਮੀਂਹ ਨਾਲ ਉਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਬਨੂੜ ਮੰਡੀ ਵਿਚ ਵੱਡੇ ਪੱਧਰ ਤੇ ਕਣਕ ਪੁੱਜ ਚੁੱਕੀ ਹੈ ਜਿਸ ਨੂੰ ਮੀਂਹ ਤੋਂ ਬਚਾਉਣ ਲਈ ਆੜਤੀਏ ਤੇ ਕਿਸਾਨ ਆਪਣੇ ਪੱਧਰ ਤੇ ਉਪਰਾਲੇ ਕਰ ਰਹੇ ਹਨ। ਕਿਸਾਨ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਗਦੀਪ ਸਿੰਘ ਧਾਲੀਵਾਲ, ਹੈਪੀ ਕਨੌੜ, ਇੰਦਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਕੁਦਰਤੀ ਕਰੋਪੀ ਕਾਰਨ ਰਾਹਤ ਦੇਣ ਲਈ ਫ਼ਸਲੀ ਬੀਮਾ ਯੋਜਨਾ ਨੂੰ ਅੱਖੋਂ ਪਰੋਖੇ ਕਰਕੇ ਬੈਠੀਆਂ ਹਨ।