ਬਨੂੜ ਖੇਤਰ ’ਚ ਪੈ ਰਹੀ ਹਲਕੀ ਬਾਰਿਸ਼ ਫ਼ਸਲਾਂ ਲਈ ਲਾਹੇਵੰਦ
ਬਨੂੜ ਖੇਤਰ ਵਿੱਚ ਪੈ ਰਹੀ ਹਲਕੀ ਬਾਰਸ਼ ਫ਼ਸਲਾਂ ਲਈ ਕਰੇਗੀ ਦੇਸੀ ਘਿਓ ਦਾ ਕੰਮ
Publish Date: Fri, 20 Mar 2026 04:28 PM (IST)
Updated Date: Fri, 20 Mar 2026 04:31 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਇਸ ਖੇਤਰ ਵਿਚ ਵੀਰਵਾਰ ਸਵੇਰੇ ਤੋਂ ਹੋ ਰਹੀ ਹਲਕੀ ਕਿਣਮਿਣ ਸਰਦੀਆਂ ਦੀ ਫਸਲ ਤੇ ਮੌਸਮੀ ਸਬਜ਼ੀਆਂ ਲਈ ਦੇਸੀ ਘਿਓ ਦਾ ਕੰਮ ਕਰੇਗੀ। ਉਥੇ ਹੀ ਬਰਸਾਤ ਕਾਰਨ ਤਾਪਮਾਨ ਘਟਣ ਕਾਰਨ ਕਣਕ ਦੇ ਬੰਪਰ ਝਾੜ ਹੋਣ ਦੇ ਅਸਾਰ ਬਣ ਗਏ ਹਨ। ਕਿਸਾਨਾਂ ਨੇ ਦੱਸਿਆ ਕਿ ਸਵੇਰੇ ਤੋਂ ਇਲਾਕੇ ਵਿਚ ਹਲਕੀ ਕਿਣਮਿਣ ਹੋ ਰਹੀ ਹੈ ਜੋ ਸਰਦੀਆਂ ਦੀ ਫਸਲ ਜਿਵੇਂ ਕਣਕ, ਸਰੋਂ, ਪਸ਼ੂਆਂ ਦਾ ਚਾਰਾ, ਸਬਜ਼ੀਆਂ, ਮਿਰਚ, ਪਿਆਜ, ਲਸਣ, ਗੋਭੀ ਤੇ ਹੋਰ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ। ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀ ਇਕਦਮ ਵਧੇ ਤਾਪਮਾਨ ਕਾਰਨ ਕਣਕ ਦਾ ਝਾੜ ਘਟਣ ਦੇ ਆਸਾਰ ਬਣ ਗਏ ਸਨ ਕਿਉਂਕਿ ਵਧੇ ਤਾਪਮਾਨ ਕਾਰਨ ਕਣਕ ਦਾ ਦਾਣਾ ਸੁੰਗੜ ਜਾਂਦਾ ਹੈ, ਜਿਸ ਕਾਰਨ ਗਰਮੀ ਦਾ ਕਣਕ ਤੇ ਮਾਰੂ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ ਪਰ ਇਲਾਕੇ ਵਿਚ ਹੋਈ ਹਲਕੀ ਬਾਰਸ ਨੇ ਤਾਪਮਾਨ ਵਿਚ ਗਿਰਾਵਟ ਲਿਆਂਦੀ ਹੈ ਜੋ ਕਿ ਕਣਕ ਦੇ ਫਸਲ ਦੇ ਬੰਪਰ ਝਾੜ ਹੋਣ ਦੇ ਅਸਾਰ ਬਣ ਗਏ ਹਨ। ਹੁਣ ਕਣਕ ਦੇ ਝਾੜ ਵਧੀਆ ਰਹਿਣ ਦੇ ਅਸਾਰ ਕਾਰਨ ਕਿਸਾਨਾਂ ਨੂੰ ਜਿੱਥੇ ਆਰਥਿਕ ਲਾਭ ਹੋਵੇਗਾ ਉਥੇ ਹੀ ਫਸਲਾਂ ਤੋਂ ਬਿਮਾਰੀ ਧੋਈ ਗਈ ਹੈ। ਕੁੱਲ ਮਿਲਾ ਕੇ ਅੱਜ ਸਵੇਰ ਤੱਕ ਇਲਾਕੇ ਵਿਚ ਹੋਈ ਹਲਕੀ ਕਿਣਮਿਣ ਸਰਦੀਆਂ ਦੀਆਂ ਸਾਰੀਆਂ ਫਸਲਾਂ ਲਈ ਦੇਸੀ ਘਿਓ ਦਾ ਕੰਮ ਕਰੇਗੀ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।