ਜ਼ਿਲ੍ਹੇ ’ਚ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕਣਕ ਦੀ ਵਾਢੀ ਕਰਨ ’ਤੇ ਪਾਬੰਦੀ
ਜ਼ਿਲ੍ਹੇ 'ਚ ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕਣਕ ਦੀ ਵਾਢੀ ਕਰਨ ’ਤੇ ਪਾਬੰਦੀ
Publish Date: Tue, 07 Apr 2026 05:26 PM (IST)
Updated Date: Wed, 08 Apr 2026 04:02 AM (IST)

ਖੇਤਾਂ ’ਚ ਖੜ੍ਹੇ ਸੁੱਕੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਹੁਕਮ ਜਾਰੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅੰਕੁਰ ਮਹਿੰਦਰੂ ਨੇ ਜ਼ਿਲ੍ਹਾ ਸੰਗਰੂਰ ਵਿਚ ਸ਼ਾਮ 7 ਵਜੇ ਤੋਂ ਅਗਲੀ ਸਵੇਰ 9 ਵਜੇ ਤੱਕ ਕਣਕ ਦੀ ਕਟਾਈ ਨਾ ਕਰਨ ਤੇ ਖੇਤਾਂ ਵਿੱਚ ਖੜ੍ਹੇ ਸੁੱਕੇ ਕਰਚਿਆਂ ਨੂੰ ਅੱਗ ਨਾ ਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਣਕ ਕੱਟਣ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪੁਰਾਣੀਆਂ ਹਾਰਵੈਸਟਰ ਕੰਬਾਈਨਾਂ ਦੀ ਨਿਰਮਾਤਾ ਕੰਪਨੀ ਅਤੇ ਖੇਤੀਬਾੜੀ ਵਿਭਾਗ ਮੁੱਖ ਖੇਤੀਬਾੜੀ ਅਫ਼ਸਰ ਤੋਂ ਇੰਸਪੈਕਸ਼ਨ ਕਰਵਾਈ ਜਾਵੇ ਤਾਂ ਕਿ ਕਣਕ ਦੀ ਵਾਢੀ ਸਮੇਂ ਕੁਆਲਿਟੀ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਤਜਰਬੇ ਤੋਂ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਰਾਤ ਸਮੇਂ ਕਰਨ ਨਾਲ ਕਣਕ ਵਿਚ ਸਲਾਬ/ਨਮੀ ਰਹਿ ਜਾਂਦੀ ਹੈ ਅਤੇ ਖ਼ਰੀਦ ਏਜੰਸੀਆਂ ਵੱਲੋਂ ਉਸ ਦੀ ਖਰੀਦ ਨਾ ਕਰਨ ’ਤੇ ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਇਸੇ ਤਰ੍ਹਾਂ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਖੜ੍ਹੇ ਸੁੱਕੇ ਕਰਚਿਆਂ ਨੂੰ ਅੱਗ ਲਾਉਣ ਨਾਲ ਨਾ ਕੇਵਲ ਪ੍ਰਦੂਸ਼ਣ ਹੁੰਦਾ ਹੈ ਬਲਕਿ ਅੱਗ ਲੱਗਣ ਦਾ ਡਰ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਪੁਰਾਣੀਆਂ ਹਾਰਵੈਸਟਰ ਕੰਬਾਈਨਾਂ ਕਣਕ ਦੇ ਦਾਣਿਆਂ ਦੀ ਕੁਆਲਟੀ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦੀਆਂ ਹਨ, ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵਧ ਜਾਂਦੀ ਹੈ, ਜਿਸ ਕਰਕੇ ਖਰੀਦ ਏਜੰਸੀਆਂ ਅਜਿਹੀ ਕਣਕ ਦੀ ਖਰੀਦ ਕਰਨ ਤੋਂ ਹਿਚਕਚਾਉਂਦੀਆਂ ਹਨ। ਕਣਕ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ ਅਤੇ ਇਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ। ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ।