ਨੀਂਹ ਪੱਥਰ ਨਹੀਂ, ਕੰਮ ਕਰਨ ’ਚ ਵਿਸ਼ਵਾਸ਼ ਹੈ : ਢਿੱਲੋਂ
ਨੀਂਹ ਪੱਥਰ ਨਹੀਂ, ਕੰਮ ਕਰਨ ’ਚ ਵਿਸ਼ਵਾਸ਼ ਹੈ : ਬਲਜਿੰਦਰ ਢਿਲੋਂ
Publish Date: Fri, 20 Mar 2026 04:40 PM (IST)
Updated Date: Fri, 20 Mar 2026 04:43 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਕੰਮਾਂ ਦੇ ਨੀਂਹ ਪੱਥਰ ਰੱਖਣ ’ਚ ਨਹੀਂ ਬਲਕਿ ਕੰਮ ਪੂਰਾ ਹੋਣ ਤੋਂ ਬਾਅਦ ਉਦਘਾਟਨ ਕਰਨ ’ਚ ਵਿਸ਼ਵਾਸ਼ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਜਿੰਦਰ ਸਿੰਘ ਢਿੱਲੋਂ ਨੇ ਪੰਜਾਬ ਦੀਆਂ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਭਵਿੱਖੀ ਸਰਗਰਮੀਆਂ ਅਤੇ ਯੋਜਨਾਵਾਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਹਲਕਾ ਸਨੌਰ ’ਚ ਪਾਰਟੀ ਟਿਕਟ ਦੀ ਮਜਬੂਤ ਦਾਅਵੇਦਾਰੀ ਠੋਕ ਦਿਆਂ ਢਿੱਲੋਂ ਨੇ ਕਿਹਾ ਕਿ ਜੇਕਰ ਪਾਰਟੀ ਉਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਹਲਕੇ ਦੀ ਨਿਸ਼ਕਾਮ ਸੇਵਾ ਕਰਦੇ ਹੋਏ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਪਿੰਡ ਪਿਛਲੇ ਲੰਬੇ ਸਮੇਂ ਤੋਂ ਹੜਾਂ ਦੀ ਮਾਰ ਝੱਲਦੇ ਆ ਰਹੇ ਹਨ ਜਿਸ ਦਾ ਪੱਕਾ ਹੱਲ ਕਰਨਾ ਉਨਾਂ ਦੇ ਤਰਜੀਹੀ ਕੰਮਾਂ ’ਚ ਸ਼ਾਮਲ ਹੋਵੇਗਾ। ਹਲਕਾ ਸਨੌਰ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦੇ ਪਿੰਡ ਕਸਬਾ ਬਹਾਦਰਗੜ੍ਹ ’ਚ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਕੂੜੇ ਦੇ ਵੱਡੇ ਡੰਪ ਨੂੰ ਬੰਦ ਕਰਕੇ ਪਾਰਕ ਬਣਾਉਣ ਸਬੰਧੀ ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਹ ਕੰਮ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ ਦੀ ਕੋਸ਼ਿਸ ਹੋਵੇਗੀ ਕਿ ਹਲਕੇ ’ਚ ਜਿਥੇ ਵੀ ਕੂੜਾ ਪ੍ਰਬੰਧਣ ਦੀ ਸਮੱਸਿਆ ਹੈ, ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ। ਇਸ ਤੋਂ ਇਲਾਵਾ ਹਲਕੇ ’ਚ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ ਵੀ ਬਹੁਤ ਗੰਭੀਰ ਹੈ ਜਿਸ ਸਬੰਧੀ ਵਿਸ਼ੇਸ਼ ਧਿਆਨ ਦੇ ਕੇ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ।