ਰਾਜਪੁਰਾ ਜੰਕਸ਼ਨ ’ਤੇ ਵੰਦੇ ਭਾਰਤ ਰੇਲ ਰੋਕਣ ਲਈ ਐਡਵੋਕੇਟ ਧਾਮੀ ਨੂੰ ਸੌਂਪਿਆ ਮੰਗ ਪੱਤਰ
ਰਾਜਪੁਰਾ ਜੰਕਸ਼ਨ ‘ਤੇ ਵੰਦੇ ਭਾਰਤ ਰੇਲ ਰੋਕਣ ਲਈ ਐਡਵੋਕੇਟ ਧਾਮੀ ਨੂੰ ਸੌਂਪਿਆ ਮੰਗ ਪੱਤਰ
Publish Date: Sat, 24 Jan 2026 06:45 PM (IST)
Updated Date: Sat, 24 Jan 2026 06:49 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਉੱਘੇ ਸਮਾਜ ਸੇਵੀ ਜਥੇਦਾਰ ਸੁਰਜੀਤ ਸਿੰਘ ਬਘੋਰਾ ਵੱਲੋਂ ਵੱਖ-ਵੱਖ ਰਾਜਨੀਤਿਕ ਆਗੂਆਂ, ਮੌਜੂਦਾ ਅਤੇ ਸਾਬਕਾ ਮੰਤਰੀਆਂ ਨੂੰ ਮੰਗ ਪੱਤਰ ਦੇਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਰਾਜਪੁਰਾ ਰੇਲਵੇ ਸਟੇਸ਼ਨ ਵਿਖੇ ਰੇਲਗੱਡੀਆਂ ਦੇ ਠਹਿਰਾਅ ਲਈ ਮੰਗ ਪੱਤਰ ਸੌਂਪਿਆ ਗਿਆ। ਜਥੇਦਾਰ ਬਘੋਰਾ ਵੱਲੋਂ ਮੰਗ ਕੀਤੀ ਗਈ ਹੈ ਕਿ ਫਿਰੋਜ਼ਪੁਰ ਤੋਂ ਚੱਲ ਕੇ ਪਟਿਆਲਾ ਰਾਹੀਂ ਰਾਜਪੁਰਾ ਤੋਂ ਹੁੰਦੀ ਹੋਈ ਦਿੱਲੀ ਜਾਣ ਵਾਲੀ ਵੰਦੇ ਭਾਰਤ ਟਰੇਨ ਨੂੰ ਰਾਜਪੁਰਾ ਜੰਕਸ਼ਨ ’ਤੇ ਰੋਕਿਆ ਜਾਵੇ। ਜਥੇਦਾਰ ਬਘੌਰਾ ਨੇ ਦੱਸਿਆ ਕਿ ਉਨ੍ਹਾਂ ਨੇ ਐਡਵੋਕੇਟ ਧਾਮੀ ਨੂੰ ਜਾਣਕਾਰੀ ਦਿੱਤੀ ਕਿ ਰਾਜਪੁਰਾ ਵੱਡਾ ਰੇਲਵੇ ਜੰਕਸ਼ਨ ਹੈ ਅਤੇ ਇੱਥੋਂ ਦਿੱਲੀ ਰੂਟ ਦੀ ਮੁੱਖ ਲਾਈਨ ਸ਼ੁਰੂ ਹੁੰਦੀ ਹੈ, ਇਸ ਲਈ ਟਰੇਨ ਦਾ ਇੱਥੇ ਠਹਿਰਾਅ ਹੋਣਾ ਚਾਹੀਦਾ ਹੈ ਤਾਂ ਜੋ ਯਾਤਰੀਆਂ ਨੂੰ ਸੁਵਿਧਾ ਮਿਲ ਸਕੇ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਵਸਨੀਕ ਲੰਮੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਅੱਗੇ ਮੰਗ ਕੀਤੀ ਕਿ ਕੁਝ ਟਰੇਨਾਂ ਜੋ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਤਕ ਸੀਮਿਤ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਰਾਜਪੁਰਾ, ਸਰਹੰਦ, ਖੰਨਾ ਅਤੇ ਲੁਧਿਆਣਾ ਤਕ ਵਧਾਇਆ ਜਾਵੇ। ਨਾਲ ਹੀ ਅਕਾਲ ਤਖ਼ਤ ਐਕਸਪ੍ਰੈੱਸ (12317/12318) ਅਤੇ ਗੁਰਮੁਖੀ ਐਕਸਪ੍ਰੈੱਸ (12325/12326) ਸਮੇਤ ਰਾਜਪੁਰਾ ਤੋਂ ਲੰਘਣ ਵਾਲੀਆਂ ਸਾਰੀਆਂ ਟਰੇਨਾਂ ਦੇ ਇੱਥੇ ਠਹਿਰਾਅ ਦੀ ਮੰਗ ਵੀ ਕੀਤੀ ਗਈ।