ਦਿਵਿਆਂਗਾਂ ਦੀਆਂ ਮੰਗਾਂ ਨੂੰ ਬਜਟ ’ਚ ਨਾ ਮਿਲੀ ਤਵੱਜੋ : ਓਮਕਾਰ ਸ਼ਰਮਾ
ਦਿਵਿਆਂਗਾਂ ਦੀਆਂ ਮੰਗਾਂ ਨੂੰ ਬਜਟ ਵਿੱਚ ਨਾ ਮਿਲੀ ਤਵੱਜੋ ਓਮਕਾਰ ਸ਼ਰਮਾ
Publish Date: Sun, 08 Mar 2026 05:35 PM (IST)
Updated Date: Sun, 08 Mar 2026 05:39 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਤਾਜ਼ਾ ਬਜਟ ਵਿਚ ਦਿਵਿਆਂਗ ਵਰਗ ਲਈ ਕੋਈ ਵੀ ਐਲਾਨ ਨਾ ਹੋਣ ਕਾਰਨ ਇਸ ਵਰਗ ਵਿਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਸੰਯੁਕਤ ਦਿਵਿਆਂਗ ਮੋਰਚਾ ਦੇ ਆਗੂ ਓਮਕਾਰ ਸ਼ਰਮਾ ਸੋਗਲਪੁਰ ਨੇ ਕਿਹਾ ਕਿ ਬਜਟ ਵਿਚ ਦਿਵਿਆਂਗਾਂ ਲਈ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵਰਗ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੇ ਰਾਜ ਪੱਧਰ ’ਤੇ ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਅਨੇਕਾਂ ਮੰਗ ਪੱਤਰ ਦਿੱਤੇ ਗਏ ਹਨ। ਇਨ੍ਹਾਂ ਵਿਚ ਦਿਵਿਆਂਗਾਂ ਦੀ ਪੈਨਸ਼ਨ ਵਧਾਉਣ, ਮੁਫ਼ਤ ਮੈਡੀਕਲ ਸਹੂਲਤਾਂ, ਸਿੱਖਿਆ ਵਿਚ ਵਿਸ਼ੇਸ਼ ਰਾਹਤਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਯੋਗ ਹਿੱਸੇਦਾਰੀ ਦੀਆਂ ਮੰਗਾਂ ਸ਼ਾਮਲ ਹਨ। ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਦਿਵਿਯਾਂਗਾਂ ਲਈ ਦੋ ਕਾਨੂੰਨ ਬਣਨ ਦੇ ਬਾਵਜੂਦ ਵੀ ਸਰਕਾਰਾਂ ਵਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਓਮਕਾਰ ਸ਼ਰਮਾ ਨੇ ਕਿਹਾ ਕਿ ਦਿਵਿਆਂਗ ਵਰਗ ਦੀ ਮੁੱਖ ਮੰਗ ਹੈ ਕਿ ਦਿਵਿਆਂਗ ਪੈਨਸ਼ਨ ਲਈ ਤੇਜ਼ਾਬ ਪੀੜਤਾਂ ਦੀ ਤਰ੍ਹਾਂ ਵੱਖਰੀ ਕੈਟਾਗਰੀ ਬਣਾਈ ਜਾਵੇ ਅਤੇ ਪੈਨਸ਼ਨ ਘੱਟੋ-ਘੱਟ 5000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਤਾਂ ਜੋ ਉਹ ਆਪਣੇ ਰੋਜ਼ਾਨਾ ਜੀਵਨ ਦੇ ਖਰਚੇ ਆਸਾਨੀ ਨਾਲ ਪੂਰੇ ਕਰ ਸਕਣ।