ਬਾਬਾ ਸਾਹਿਬ ਤੁਝੇ ਸਲਾਮ ਦੇ ਬੋਰਡ ਪਾੜੇ, ਰੋਸ
ਬਾਬਾ ਸਾਹਿਬ ਤੁਝੇ ਸਲਾਮ” ਦੇ ਬੋਰਡ ਪਾੜੇ, ਰੋਸ
Publish Date: Sat, 04 Apr 2026 03:38 PM (IST)
Updated Date: Sun, 05 Apr 2026 03:59 AM (IST)

ਕਾਰਵਾਈ ਨਾ ਹੋਈ ਤਾਂ ਸੜਕਾਂ ’ਤੇ ਉਤਰੇਗਾ ਜਨਤਾ ਦਾ ਗੁੱਸਾ : ਕਾਂਗੜਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸ੍ਰੀ ਮਸਤੂਆਣਾ ਸਾਹਿਬ ਵਿਖੇ 12 ਅਪ੍ਰੈਲ ਨੂੰ ਕਰਵਾਏ ਜਾ ਰਹੇ ਸਾਲਾਨਾ ਪ੍ਰੋਗਰਾਮ “ਬਾਬਾ ਸਾਹਿਬ ਤੁਝੇ ਸਲਾਮ” ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਲਾਏ ਗਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਫਲੈਕਸ ਬੋਰਡ ਕੁਝ ਅਣਪਛਾਤੇ ਤੇ ਸ਼ਰਾਰਤੀ ਅਨਸਰਾਂ ਵੱਲੋਂ ਕਥਿਤ ਤੌਰ ’ਤੇ ਪਾੜ ਕੇ ਹਟਾਏ ਜਾਣ ਨਾਲ ਲੋਕਾਂ ਦੇ ਗੁੱਸੇ ਨੇ ਉਬਾਲ ਲੈ ਲਿਆ ਹੈ। ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਇਸ ਘਟਨਾ ਨੂੰ “ਸਧਾਰਨ ਸ਼ਰਾਰਤ” ਨਹੀਂ, ਸਗੋਂ “ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਸਮਾਨਤਾ ਦੇ ਸਿਧਾਂਤਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੋਰਡ ਪਾੜਦੇ ਸਮੇਂ ਬਾਬਾ ਸਾਹਿਬ ਦੀ ਤਸਵੀਰ ਨਾਲ ਕੀਤੀ ਗਈ ਕਥਿਤ ਬੇਅਦਬੀ ਨੇ ਲੱਖਾਂ ਅਨੁਯਾਈਆਂ ਦੇ ਦਿਲਾਂ ਨੂੰ ਝੰਝੋੜ ਦਿੱਤਾ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਸ਼ਨ ਪਿਛਲੇ 27 ਸਾਲਾਂ ਤੋਂ ਲਗਾਤਾਰ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਂਦਾ ਆ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਪ੍ਰੋਗਰਾਮ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਲਈ ਸ਼ਹਿਰ ਦੇ ਹਰ ਕੋਨੇ ’ਚ ਸੈਂਕੜਿਆਂ ਫਲੈਕਸ ਬੋਰਡ ਲਾ ਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਕੁਝ ਨਫ਼ਰਤੀ ਸੋਚ ਵਾਲੀਆਂ ਤਾਕਤਾਂ ਵੱਲੋਂ ਜਾਣਬੁੱਝ ਕੇ ਇਹ ਬੋਰਡ ਹਟਾ ਕੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਨਾ ਕੀਤੀ, ਤਾਂ ਭਾਰਤੀਯ ਅੰਬੇਡਕਰ ਮਿਸ਼ਨ ਆਪਣੇ ਹਮਖਿਆਲੀ ਸਾਥੀਆਂ ਨਾਲ ਮਿਲ ਕੇ ਸੰਗਰੂਰ ਤੋਂ ਲੈ ਕੇ ਸੂਬਾ ਪੱਧਰ ਤੱਕ ਵੱਡਾ ਸੰਘਰਸ਼ ਛੇੜੇਗੀ। ਇਸ ਮਾਮਲੇ ਸੰਬੰਧੀ ਵਫ਼ਦ ਨੇ ਗੁਲਜ਼ਾਰ ਸਿੰਘ ਬੌਬੀ ਮੈਂਬਰ ਐੱਸਸੀ ਕਮਿਸ਼ਨ ਪੰਜਾਬ ਅਤੇ ਐੱਸਐੱਸਪੀ ਸੰਗਰੂਰ ਦੇ ਨਾਮ ਲਿਖਤੀ ਸ਼ਿਕਾਇਤ ਰਾਜੇਸ਼ ਛਿੱਬਰ ਐੱਸਪੀ (ਐੱਚ) ਸੰਗਰੂਰ ਨੂੰ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਐੱਸਸੀ ਕਮਿਸ਼ਨ ਭਾਰਤ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਇਸ ਮੌਕੇ ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ ਸੰਗਰੂਰ, ਜਗਸੀਰ ਸਿੰਘ ਖੇੜੀ ਚੰਦਵਾ ਕੌਮੀ ਵਾਇਸ ਪ੍ਰਧਾਨ, ਰਾਹੁਲ ਕਾਂਗੜਾ, ਰਾਜਬੀਰ ਸਿੰਘ, ਮਨੋਜ ਕੁਮਾਰ,ਰਵੀ ਕੁਮਾਰ ਚੌਹਾਨ, ਕਮਲ ਜੰਡੂ, ਧਰਮਿੰਦਰ ਸਿੰਘ ਹੈਪੀ, ਸਾਜਨ ਕਾਂਗੜਾ ਹਰਵਿੰਦਰ ਸਿੰਘ ਹਾਜ਼ਰ ਸਨ।