ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ
ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ
Publish Date: Fri, 30 Jan 2026 04:26 PM (IST)
Updated Date: Sat, 31 Jan 2026 04:04 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸਿਵਲ ਸਰਜਨ ਮਾਲੇਰਕੋਟਲਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀਐੱਸ ਭਿੰਡਰ ਦੀ ਯੋਗ ਅਗਵਾਈ ਹੇਠ ਆਰਐੱਚ ਕੁਠਾਲਾ ਵਿਖੇ ਵਿਸ਼ਵ ਕੁਸ਼ਟ ਰੋਗ ਦਿਵਸ ਮਨਾਇਆ ਗਿਆ। ਇਸ ਮੌਕੇ ਬਲਾਕ ਐਜੂਕੇਟਰ ਜਗਸੀਰ ਸਿੰਘ ਟਿੱਬਾ ਨੇ ਦੱਸਿਆ ਕਿ ਵਿਸ਼ਵ ਕੁਸ਼ਟ ਰੋਗ ਦਿਵਸ ਹਰ ਸਾਲ ਵਿਸ਼ਵ ਪੱਧਰ ’ਤੇ ਸਿਹਤ ਵਿਭਾਗ ਤੇ ਕਈ ਐੱਨਜੀਓਜ਼ ਵੱਲੋਂ ਮਨਾਇਆ ਜਾਂਦਾ ਹੈ। ਜਿਸਦਾ ਮੁੱਖ ਉਦੇਸ਼ ਲੋਕਾਂ ਵਿਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਵਧਾਉਣਾ ਤੇ ਇਸ ਰੋਗ ਸਬੰਧੀ ਸਮਾਜ ਵਿਚ ਫੈਲੀਆਂ ਗਲਤ ਧਾਰਨਾਵਾਂ ਨੂੰ ਖ਼ਤਮ ਕਰਨਾ ਹੈ। ਇਸ ਨਾਲ ਕੁਸ਼ਟ ਰੋਗੀਆਂ ਨੂੰ ਸਦਭਾਵਨਾ ਦੇ ਕੇ ਸਮਾਜ ’ਚ ਬਰਾਬਰਤਾ ਕਾਇਮ ਰੱਖਣ ਦੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੁਸ਼ਟ ਰੋਗੀਆਂ ਨੂੰ ਸਮਾਜ ’ਚ ਬਾਕੀ ਲੋਕਾਂ ਨਾਲੋਂ ਵੱਖ ਨਾ ਸਮਝਿਆ ਜਾਵੇ ਤੇ ਉਨ੍ਹਾਂ ਨਾਲ ਸਦਭਾਵਨਾ ਬਣਾਈ ਜਾਵੇ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕੁਸ਼ਟ ਰੋਗ ਦੇ ਕਾਰਨ ਲੱਛਣਾਂ ਅਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਨੂੰ ਲੈਪ੍ਰੋਸੀ ਜਾਂ ਹੈਨਸਨ ਡਿਜ਼ੀਜ਼ ਵੀ ਕਿਹਾ ਜਾਂਦਾ ਹੈ ਜੋ ਕਿ ਮਾਇਕੋਬੈਕਟੀਰੀਅਮ ਲੈਪਰੇ ਨਾਮ ਦੇ ਬੈਕਟੀਰੀਆ ਤੋਂ ਹੁੰਦੀ ਹੈ ਜੋ ਕਿ ਪ੍ਰਭਾਵਤ ਵਿਅਕਤੀ ਤੋਂ ਬੂੰਦਾਂ ਦੀ ਲਾਗ ਰਾਹੀਂ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਚਮੜੀ, ਅੱਖਾਂ ਅਤੇ ਸਰੀਰ ਦੀਆਂ ਨਾੜਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸਦੇ ਲੱਛਣ ਤੁਰੰਤ ਨਜਰ ਨਹੀਂ ਆਉਂਦੇ। ਇਸ ਲਈ ਸਰੀਰ ਵਿੱਚ ਖਾਸ ਕਰਕੇ ਚਮੜੀ ਤੇ ਕਿਸੇ ਤਰ੍ਹਾਂ ਦੇ ਅਸਾਧਾਰਨ ਬਦਲਾਅ ਨਜਰ ਆਉਣ ਤੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡਾ ਕਮਲਦੀਪ ਸਿੰਘ ਮੈਡੀਕਲ ਅਫਸਰ, ਡਾਕਟਰ ਮੁਹੰਮਦ ਕਾਜ਼ਮ ਮੈਡੀਕਲ ਅਫਸਰ , ਹਰਭਜਨ ਸਿੰਘ ਹੈਲਥ ਇੰਸਪੈਕਟਰ, ਨਿਰਭੈ ਸਿੰਘ ਮਪਹਵ (ਮ) ਫੈਜ਼ਲ ਖਾਨ, ਜਸਵਿੰਦਰ ਕੌਰ, ਕਮਲਜੀਤ ਕੌਰ ਸਟਾਫ ਨਰਸ , ਕਿਰਨਜੀਤ ਕੌਰ , ਬੰਬੂਲ, ਮਨਪ੍ਰੀਤ ਸਿੰਘ ਹਾਜ਼ਰ ਸਨ।