ਪੰਜਾਬ ਦੇ ਲੋਕ ਵੀ ਨਾਇਬ ਸੈਣੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ : ਅਸੀਮ ਗੋਇਲ
ਪੰਜਾਬ ਦੇ ਲੋਕ ਵੀ ਮੁੱਖਮੰਤਰੀ ਨਾਇਬ ਸੈਣੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ: ਅਸੀਮ ਗੋਇਲ
Publish Date: Fri, 16 Jan 2026 04:46 PM (IST)
Updated Date: Fri, 16 Jan 2026 04:48 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਹਲਕਾ ਘਨੌਰ ਦੀ ਸਿਆਸਤ ਵਿਚ ਉਸ ਵੇਲੇ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੂੰ ਇਕ ਵੱਡਾ ਸਿਆਸੀ ਝਟਕਾ ਲੱਗਿਆ। ਪਾਰਟੀ ਦੇ ਸੀਨੀਅਰ ਆਗੂ ਤੇ ਬਲਾਕ ਪ੍ਰਧਾਨ ਐੱਸਸੀ ਵਿੰਗ ਬਲਕਾਰ ਸਿੰਘ ਲੋਹਸਿੰਬਲੀ ਆਪਣੇ ਕਈ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਸਿਆਸੀ ਵਿਕਾਸ ਨੂੰ ਮੌਜੂਦਾ ਵਿਧਾਇਕ ਤੇ ਭਗਵੰਤ ਮਾਨ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਘਨੌਰ ਹਲਕੇ ਵਿਚ ਕੀਤੀ ਵੱਡੀ ਰੈਲੀ ਤੋਂ ਬਾਅਦ ਹਲਕੇ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਸੀ, ਜਿਸਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਦਾ ਹਰਿਆਣਾ ਦੇ ਸਾਬਕਾ ਟਰਾਂਸਪੋਰਟ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਅਸੀਮ ਗੋਇਲ ਅਤੇ ਘਨੌਰ ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਵੱਲੋਂ ਪਾਰਟੀ ਦਾ ਪਟਕਾ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਭਾਜਪਾ ਵਿਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਅਤੇ ਯੋਗ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸੀਮ ਗੋਇਲ ਨੇ ਕਿਹਾ ਕਿ ਸਿਰਫ਼ ਹਰਿਆਣਾ ਹੀ ਨਹੀਂ, ਸਗੋਂ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹਨ। ਪੰਜਾਬ ਵਿਚ ਵੀ ਜਲਦੀ ਵੱਡਾ ਪਰਿਵਰਤਨ ਆਵੇਗਾ ਅਤੇ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿੱਚ ਸੋਨੂੰ ਸਿੰਘ ਜਮੀਤਗੜ੍ਹ, ਤਸਵੀਰ ਸਿੰਘ ਮਾਹਰੀਆਂ, ਦਵਿੰਦਰ ਸਿੰਘ ਜਿੰਮੀ ਪੰਚਾਇਤ ਮੈਂਬਰ ਲੋਹਸਿੰਬਲੀ, ਹਰਚਰਨ ਸਿੰਘ ਕਾਮੀ ਖੁਰਦ, ਅਵਤਾਰ ਸਿੰਘ ਲੋਹਸਿੰਬਲੀ, ਗੁਰਸੇਵਕ ਸਿੰਘ ਆਦਿ ਸ਼ਾਮਲ ਹਨ। ਇਸ ਮੌਕੇ ਮੰਡਲ ਪ੍ਰਧਾਨ ਘਨੌਰ ਕਮਲਜੀਤ ਸਿੰਘ, ਜ਼ਿਲ੍ਹਾ ਮਹਾਮੰਤਰੀ ਗੌਰਵ ਗੌਤਮ, ਜਸਬੀਰ ਸਿੰਘ ਐਮਸੀ ਅੰਬਾਲਾ, ਭਰਪੂਰ ਸਿੰਘ ਲੋਹਸਿੰਬਲੀ (ਸਾਬਕਾ ਚੇਅਰਮੈਨ), ਹਰਜਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਵਤਾਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਵਿਨੋਦ ਕੁਮਾਰ, ਰਾਮਪਾਲ ਗੁਪਤਾ, ਮਹੇਸ਼ ਸ਼ਰਮਾ, ਗੁਰਜੀਤ ਸਿੰਘ ਸਮੇਤ ਕਈ ਹੋਰ ਭਾਜਪਾ ਆਗੂ ਮੌਜੂਦ ਰਹੇ।